ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 21 ਦਸੰਬਰ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਭੋਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਸ਼ਮੂਲੀਅਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਥ ਵਿੱਚੋਂ ਛੇਕਿਆ ਹੋਇਆ ਹੈ।
ਲੰਗਾਹ ਦਾ ਵਿਰੋਧ ਕਰਦਿਆਂ ਇੱਥੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕਥਿਤ ਉਲੰਘਣਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਭੋਰਾ ਸਾਹਿਬ ਨੂੰ ਦੁੱਧ ਨਾਲ ਪਵਿੱਤਰ ਕੀਤਾ ਜਾਵੇ ਅਤੇ ਅਪਵਿੱਤਰ ਚੌਰ ਸਾਹਿਬ ਨੂੰ ਸਸਕਾਰ ਕਰ ਕੇ ਇਸ ਲਈ ਜ਼ਿੰਮੇਵਾਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਮਾਮਲਾ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਧਿਆਨ ਵਿੱਚ ਸਬੂਤਾਂ ਸਮੇਤ ਲਿਆ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਲ੍ਹਾ ਜਥੇਦਾਰ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਵੱਖਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੁੱਖ ਪ੍ਰਗਟ ਕੀਤਾ ਕਿ ਕੁੱਝ ਰਾਜਸੀ ਲੋਕ ਸ਼ਹੀਦੀ ਦਿਹਾੜਿਆਂ ਮੌਕੇ ਵੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਅਜਿਹੇ ਕੱਪੜੇ ਪਹਿਨੇ ਸਨ ਜੋ ਮੁੱਖ ਮੰਤਰੀ ਵੀ ਗੁਰੂ ਘਰ ਆਉਣ ਲੱਗਿਆਂ ਨਹੀਂ ਪਹਿਨਦਾ। ਉਨ੍ਹਾਂ ਇਨ੍ਹਾਂ ਸ਼ਹੀਦੀ ਦਿਹਾੜਿਆਂ ’ਤੇ ਸਿਆਸੀ ਆਗੂਆਂ ਨੂੰ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ।
ਸ਼੍ਰੋਮਣੀ ਕਮੇਟੀ ਵੱਲੋਂ ਮੈਨੇਜਰ ਤੇ ਗ੍ਰੰਥੀ ਮੁਅੱਤਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁੱਚਾ ਸਿੰਘ ਲੰਗਾਹ ਨੂੰ ਸਿਰੋਪਾ ਦੇਣ ਵਾਲੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਅਤੇ ਇਕ ਗ੍ਰੰਥੀ ਨੂੰ ਮੁਅੱਤਲ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਪੰਥ ਵਿੱਚੋਂ ਛੇਕੇ ਵਿਅਕਤੀ ਨਾਲ ਮਿਲਵਰਤਣ ਰੱਖਣ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਾਸਤੇ ਫਲਾਇੰਗ ਵਿਭਾਗ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਆਉਣ ਮਗਰੋਂ ਦੋਸ਼ੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
2015 ਦਾ ਬੁੱਕ ਸੀ ਅਖੰਡ ਪਾਠ: ਮੈਨੇਜਰ
ਗੁਰਦੁਆਰੇ ਦੇ ਮੈਨੇਜਰ ਕਰਮ ਸਿੰਘ ਨੇ ਸਪੱਸ਼ਟ ਕੀਤਾ ਕਿ ਅਖੰਡ ਪਾਠ ਸਾਹਿਬ 2015 ਦਾ ਬੁੱਕ ਹੈ ਅਤੇ ਜਦੋਂ ਭੋਗ ਵੇਲੇ ਉਨ੍ਹਾਂ ਦੇ ਨੋਟਿਸ ਵਿੱਚ ਆਇਆ ਤਾਂ ਕਿਸੇ ਵੀ ਮੁਲਾਜ਼ਮ ਨੇ ਸੁੱਚਾ ਸਿੰਘ ਲੰਗਾਹ ਨੂੰ ਸਿਰੋਪਾਓ ਨਹੀਂ ਦਿੱਤਾ ਅਤੇ ਨਾ ਹੀ ਕੋਈ ਸੰਪਰਕ ਬਣਾਇਆ।