ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੂਨ
ਘੱਲੂਘਾਰਾ ਹਫ਼ਤੇ ਦੀ ਆਰੰਭਤਾ ਕਰਦਿਆਂ ਅੱਜ ਹਵਾਰਾ ਕਮੇਟੀ ਨੇ ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਅਖੰਡ ਪਾਠ ਦੇ ਭੋਗ ਪਾਏ ਹਨ। ਇਸ ਮੌਕੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਇਕ ਸੰਦੇਸ਼ ਵੀ ਪੜ੍ਹਿਆ ਗਿਆ। ਸਮਾਗਮ ਵਿੱਚ ਹਵਾਰਾ ਕਮੇਟੀ ਦੇ ਮੈਂਬਰ, ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ ਸੰਗਰਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਜਥਾ ਸਿਰਲੱਥ, ਅਕਾਲ ਯੂਥ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸਾਹਿਬਜ਼ਾਦਾ ਫਤਹਿ ਸਿੰਘ ਸੇਵਕ ਜਥਾ ਆਦਿ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਭੋਗ ਉਪਰੰਤ ਭਾਈ ਹਰਿੰਦਰ ਸਿੰਘ ਰੋਮੀ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅਰਦਾਸ ਮਗਰੋਂ ਵੱਖ-ਵੱਖ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਘੱਲੂਘਾਰਾ ਹਫ਼ਤੇ ਦੀ ਆਰੰਭਤਾ ਕਰਦਿਆਂ ਸਮੂਹ ਸ਼ਹੀਦਾਂ ਤੇ ਘੱਲੂਘਾਰਾ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰਪਾਲ ਸਿੰਘ ਸਮੇਤ ਬੇਅੰਤ ਸਿੰਘ, ਭਾਈ ਮਨਜੀਤ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਬੀਬੀ ਮਲਕੀਤ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆ, ਇਹ ਸਾਰੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਹਨ। ਬਾਅਦ ਵਿੱਚ ਪ੍ਰੋ. ਬਲਜਿੰਦਰ ਸਿੰਘ ਨੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜ੍ਹਿਆ, ਜਿਸ ਵਿੱਚ ਸਿੱਖ ਸੰਗਤ ਨੂੰ ਕੌਮੀ ਟੀਚੇ ਦੀ ਪ੍ਰਾਪਤੀ ਲਈ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਆ ਗਿਆ। ਉਨ੍ਹਾਂ ਸਿੱਖ ਕੌਮ ਵਿੱਚ ਇਕਜੁੱਟਤਾ ਨੂੰ ਵੀ ਜ਼ਰੂਰੀ ਆਖਿਆ।