ਜਸਬੀਰ ਸਿੰਘ ਚਾਨਾ
ਫਗਵਾੜਾ, 29 ਅਗਸਤ
ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਕੀਤੀ ਗਈ ਰੈਲੀ ’ਚ ਬਸਪਾ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ। ਇਹ ਐਲਾਨ ਅੱਜ ਅਕਾਲੀ-ਬਸਪਾ ਵੱਲੋਂ ਫਗਵਾੜਾ ਦੀ ਦਾਣਾ ਮੰਡੀ ਵਿੱਚ ਕੀਤੀ ਗਈ ‘ਅਲਖ ਜਗਾਓ’ ਰੈਲੀ ਦੌਰਾਨ ਬਸਪਾ ਲੀਡਰਸ਼ਿਪ ਨੇ ਕੀਤਾ।
ਬਸਪਾ ਦੇ ਕੌਮੀ ਮੀਤ ਪ੍ਰਧਾਨ ਆਕਾਸ਼ ਆਨੰਦ ਤੇ ਕੌਮੀ ਕੋਆਰਡੀਨੇਟਰ ਆਨੰਦ ਕੁਮਾਰ ਨੇ ਕਿਹਾ ਕਿ 2022 ਦੀਆਂ ਚੋਣਾਂ ਮਗਰੋਂ ਇਹ ਗੱਠਜੋੜ ਆਪਣੀ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਜਸਬੀਰ ਸਿੰਘ ਗੜ੍ਹੀ ਦੋਵੇਂ ਰਲ ਕੇ ਕੰਮ ਕਰਨਗੇ ਤੇ ਸੂਬੇ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਲਿਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾ ਨੇ ਦੇਸ਼ ਨੂੰ ਬੁਰੀ ਤਰ੍ਹਾਂ ਲੁੱਟਿਆ ਹੈ ਤੇ ਪੰਜਾਬੀਆਂ ਤੇ ਕਿਸਾਨਾਂ ਦੇ ਵਿਰੋਧ ’ਚ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ’ਤੇ ਕਾਲੇ ਕਾਨੂੰਨ ਥੋਪ ਕੇ ਕਿਸਾਨੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਇਸ ਵਿਰੁੱਧ ਅਕਾਲੀ ਦਲ ਨਾਲ ਰਲ ਕੇ ਆਵਾਜ਼ ਬੁਲੰਦ ਕਰ ਰਹੇ ਹਨ। ਬਸਪਾ ਆਗੂਆਂ ਕਿਹਾ ਕਿ ਪੰਜਾਬ ਦੀ ਚੋਣ ਜਿੱਤਣ ਮਗਰੋਂ ਭਾਜਪਾ ਨੂੰ ਗੱਦੀ ਤੋਂ ਲਾਹੁਣ ਲਈ ਦੇਸ਼ ਭਰ ’ਚ ਵੱਡੀ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਸਪਾ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਾਈਚਾਰਕ ਸਾਂਝ ਮਜ਼ਬੂਤ ਰੱਖ ਕੇ ਲੋੜਵੰਦ ਤੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ। ਬਸਪਾ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ,‘ਅਸੀਂ ਪੁਰਾਣੇ ਭਾਈ-ਭਾਈ ਹਾਂ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡਾ 1966 ਤੋਂ ਬਾਅਦ ਹੁਣ ਦੁਆਰਾ ਮੇਲ ਹੋਇਆ ਹੈ।’
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ’ਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਨੂੰ ਬਣਾਉਣ ’ਚ ਯੋਗਦਾਨ ਪਾਉਣ ਤਾਂ ਜੋ 2024 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹੁਣ ਲਈ ਦੇਸ਼ ਭਰ ਦਾ ਸੰਘਰਸ਼ ਆਰੰਭਿਆ ਜਾਵੇ। ਸੁਖਬੀਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ 13 ਨੁਕਾਤੀ ਏਜੰਡਾ ਲਾਗੂ ਕੀਤਾ ਜਾਵੇਗਾ ਜਿਸ ਤਹਿਤ 400 ਯੂਨਿਟ ਬਿਜਲੀ ਹਰ ਪਰਿਵਾਰ ਨੂੰ ਦਿੱਤੀ ਜਾਵੇਗੀ। ਗਰੀਬ ਲੋਕਾਂ ਦੇ ਰੱਦ ਕੀਤੇ ਨੀਲੇ ਕਾਰਡ ਇੱਕ ਮਹੀਨੇ ’ਚ ਨਵੇਂ ਬਣਨਗੇ, ਨੀਲਾ ਕਾਰਡਧਾਰਕ ਨੂੰ 2 ਹਜ਼ਾਰ ਰੁਪਏ ਮਹੀਨਾ ਖਰਚ ਦਿੱਤਾ ਜਾਵੇਗਾ ਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ 50 ਹਜ਼ਾਰ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤਾ ਜਾਵੇਗਾ।