ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 10 ਨਵੰਬਰ
ਅਲਾਵਲਪੁਰ ਵਾਸੀਆਂ ਨੇ ਨਗਰ ਕੌਂਸਲ ਅਲਾਵਲਪੁਰ ਦੇ ਕਾਰਜ ਸਾਧਕ ਅਫਸਰ ਵੱਲੋਂ ਆਮ ਲੋਕਾਂ ਤੇ ਸਾਬਕਾ ਕੌਂਸਲਰਾਂ ਨੂੰ ਨਾ ਮਿਲਣ ਦੇ ਵਿਰੋਧ ਵਿੱਚ ਕਾਰਜ ਸਾਧਕ ਦਾ ਪੁਤਲਾ ਸਾੜਿਆ ਤੇ ਉਸਨੂੰ ਬਦਲਣ ਦੀ ਮੰਗ ਕੀਤੀ। ਅੱਜ ਅਲਾਵਲਪੁਰ ਵਾਸੀਆਂ ਵੱਲੋਂ ਨਗਰ ਕੌਂਸਲ ਅਲਾਵਲਪੁਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਕਾਰਜ ਸਾਧਕ ਅਫ਼ਸਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਜੀਵ ਪਾਂਜਾ ਅਤੇ ਸਾਬਕਾ ਕੌਂਸਲਰ ਮਦਨ ਲਾਲ ਨੇ ਕਿਹਾ ਕਿ ਕਾਰਜ ਸਾਧਕ ਅਫਸਰ ਨੂੰ ਅਲਾਵਲਪੁਰ ਦਾ ਵਾਧੂ ਚਾਰਜ ਦਿੱਤਾ ਹੈ। ਜਿਸ ਕਾਰਨ ਉਹ ਅਲਾਵਲਪੁਰ ਵੱਲ ਜਿਆਦਾ ਧਿਆਨ ਨਹੀਂ ਦੇ ਰਹੇ ਤੇ ਨਾ ਹੀ ਸਾਬਕਾ ਕੌਂਸਲਰਾਂ ਦਾ ਫੋਨ ਸੁਣਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਅਲਾਵਲਪੁਰ ਦੇ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਜਿਸ ਕਾਰਨ ਅਲਾਵਲਪੁਰ ਦਾ ਵਿਕਾਸ ਕਾਫੀ ਪਿੱਛੇ ਪੈ ਗਿਆ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਾਰਜ ਸਾਧਕ ਅਫਸਰ ਵਿਰੁੱਧ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ ਨੂੰ ਦਿੱਤਾ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹਰਨਰਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਕੌਂਸਲਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਉਨ੍ਹਾਂ ’ਤੇ ਲਗਾਏ ਦੋਸ਼ ਨਿਰਾਧਾਰ ਹਨ ਤੇ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਕਿਸੇ ਵੀ ਸਮੇਂ ਜਾਂਚ ਕਰਵਾਈ ਜਾ ਸਕਦੀ ਹੈ ਤੇ ਕੁਝ ਲੋਕ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਦਬਾਅ ਪਾ ਰਹੇ ਹਨ ਜੋ ਕਿ ਉਹ ਨਹੀਂ ਕਰ ਰਹੇ। ਜਿਸ ਕਾਰਨ ਗਲਤ ਤਰੀਕੇ ਨਾਲ ਕੰਮ ਕਰਵਾਉਣ ਆ ਰਹੇ ਲੋਕਾਂ ਦਾ ਕੰਮ ਨਾ ਹੁੰਦੇ ਦੇਖ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ।