ਪਠਾਨਕੋਟ, 22 ਨਵੰਬਰ
ਪੰਜਾਬ ਦੇ ਪਠਾਨਕੋਟ ਵਿੱਚ ਫੌਜ ਦੀ ਛਾਉਣੀ ਦੇ ਗੇਟ ਅੱਗੇ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਸੁੱਟੇ ਗਏ ਹੱਥਗੋਲੇ (ਗ੍ਰਨੇਡ) ਦੇ ਧਮਾਕੇ ਤੋਂ ਬਾਅਦ ਅਧਿਕਾਰੀਆਂ ਨੇ ਸਰਹੱਦੀ ਜ਼ਿਲ੍ਹੇ ਵਿੱਚ ਅਲਰਟ ਜਾਰੀ ਕੀਤਾ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾ ਐਤਵਾਰ ਦੇਰ ਰਾਤ ਧੀਰਾਪੁਰ ਨੇੜੇ ਫ਼ੌਜੀ ਇਲਾਕੇ ਵਿੱਚ ਛਾਉਣੀ ਦੇ ਤ੍ਰਿਵੇਣੀ ਗੇਟ ਦੇ ਬਾਹਰ ਹੋਇਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲੀਸ ਮੁਤਾਬਕ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਛਾਉਣੀ ਦੇ ਗੇਟ ਦੇ ਸਾਹਮਣੇ ਹੱਥਗੋਲਾ ਸੁੱਟਿਆ। ਪਠਾਨਕੋਟ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ,ਤਾਂ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾਕ ਸਕੇ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਹੱਥਗੋਲੇ ਦੇ ਕੁਝ ਹਿੱਸੇ ਮਿਲੇ ਹਨ ਅਤੇ ਫੌਸੈਂਸਿਕ ਟੀਮ ਨੇ ਸੈਂਪਲ ਇਕੱਠੇ ਕੀਤੇ ਹਨ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਉਹ ਅੰਮ੍ਰਿਤਸਰ ਬਾਰਡਰ ਜ਼ੋਨ ਅਤੇ ਜਲੰਧਰ ਜ਼ੋਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੰਗਲਵਾਰ ਨੂੰ ਮੀਟਿੰਗ ਕਰਨਗੇ, ਜਿਸ ਵਿੱਚ ਸੂਬੇ ਵਿੱਚ ਅਮਨ ਕਾਨੂੰਨ ਅਤੇ ਸੁਰੱਖਿਆ ਦੀ ਸਥਿਤੀ ਸਮੀਖਿਆ ਕਰਨਗੇ। -ਪੀਟੀਆਈ