ਬੀ.ਐਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 18 ਅਕਤੂਬਰ
ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ (ਗਰੇਵਾਲ) ਅੱਜ ਉਸ ਸਮੇਂ ਦੋਫਾੜ ਹੋ ਗਈ ਜਦੋਂ ਇਸ ਨਾਲ ਪਿਛਲੇ ਲੰਬੇ ਸਮੇਂ ਤੋਂ ਇਸ ਨਾਲ ਜੁੜੇ ਸੀਨੀਅਰ ਆਗੂ ਭੁਪਿੰਦਰ ਸਿੰਘ ਬਜਰੂੜ ਵੱਲੋਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਨਵੀਂ ਸਿੱਖ ਸਟੂਡੈਂਟਸ ਫੈੱਡਰੇਸ਼ਨ (ਬਜਰੂੜ) ਦਾ ਐਲਾਨ ਕੀਤਾ ਗਿਆ। ਪ੍ਰਿਤਪਾਲ ਸਿੰਘ ਹਵੇਲੀ ਨੂੰ ਇਸ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਤੇ ਭੁਪਿੰਦਰ ਸਿੰਘ ਬਜਰੂੜ ਨੂੰ ਸਰਪ੍ਰਸਤ ਥਾਪਿਆ ਗਿਆ।
ਸ੍ਰੀ ਬਜਰੂੜ ਨੇ ਕਿਹਾ ਕਿ ਕੁਝ ਸਿਆਸੀ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਵਲੋਂ ਸਿਰਜੀਆਂ ਸੰਸਥਾਵਾਂ ਦੇ ਗੌਰਵਮਈ ਵਿਰਸੇ ਨੂੰ ਪਿਛਲੇ ਲੰਬੇ ਸਮੇਂ ਤੋਂ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਨਸ਼ਿਆਂ ਦੇ ਵਪਾਰ ਰਾਹੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਇਸ ਲਈ ਨੌਜਵਾਨਾਂ ਦਾ ਸ਼ਕਤੀਕਰਨ ਅਤੇ ਪੰਥ ਦੀ ਪਹਿਰੇਦਾਰੀ ਕਰਨ ਲਈ ਇਸ ਜਥੇਬੰਦੀ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ 20 ਮੈਂਬਰੀ ਕੇਂਦਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ।
ਫੈੱਡਰੇਸ਼ਨ ਦੇ ਗਠਨ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਕਿ ਨੌਜਵਾਨਾਂ ਨੂੰ ਰਾਜਸੀ ਬਲਗਣਾਂ ’ਚੋਂ ਨਿਕਲ ਕੇ ਆਜਾਦਾਨਾ ਤੌਰ ’ਤੇ ਜਵਾਨੀ ਨੂੰ ਜਥੇਬੰਦ ਕਰਨ, ਚਲੰਤ ਮਾਮਲਿਆਂ ਬਾਰੇ ਗੋਸ਼ਟੀਆਂ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ’ਚ ਗੁਰਦੁਆਰਾ ਪ੍ਰਬੰਧਾਂ ਨੂੰ ਬਾਦਲਾਂ ਦੇ ਟੱਬਰ ਤੋਂ ਮੁਕਤ ਕਰਾਉਣ ਲਈ ਫੈੱਡਰੇਸ਼ਨ ਅਹਿਮ ਭੂਮਿਕਾ ਨਿਭਾਏਗੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਗਰੇਵਾਲ ਦੇ ਪ੍ਰਮੁੱਖ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਢੀਂਡਸਾ ’ਚ ਸ਼ਾਮਿਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਹਰ ਵਿਅਕਤੀ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ।