ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਸਤੰਬਰ
ਸਿੱਖ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੂੰ ਅੱਜ ਇੱਥੇ ਇੱਕ ਸਮਾਗਮ ਦੌਰਾਨ ਮੁੜ ਸੁਰਜੀਤ ਕਰਦਿਆਂ ਇਸ ਦਾ ਪ੍ਰਧਾਨ ਕੰਵਰ ਚੜ੍ਹਤ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ ਇਕ ਮਤਾ ਪਾਸ ਕਰ ਕੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਥੇ ਭਾਈ ਗੁਰਦਾਸ ਹਾਲ ਵਿੱਚ ਕਰਵਾਏ ਸਮਾਗਮ ਦੌਰਾਨ ਪਹਿਲਾਂ ਨੌਜਵਾਨਾਂ ਨੇ ਅਕਾਲ ਤਖ਼ਤ ’ਤੇ ਅਰਦਾਸ ਕੀਤੀ। ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਦੇ ਪੁੱਤਰ ਕੰਵਰ ਚੜ੍ਹਤ ਸਿੰਘ ਨੂੰ ਜਥੇਬੰਦੀ ਦਾ ਪ੍ਰਧਾਨ ਬਣਾਇਆ ਗਿਆ। ਇਹ ਨੌਜਵਾਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਮਰਹੂਮ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੋਤਾ ਤੇ ਫੈੱਡਰੇਸ਼ਨ ਦੇ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਤੀਜਾ ਹੈ। ਇਸ ਮੌਕੇ ਮਤਾ ਪਾਸ ਕਰਕੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ। ਖੇਤੀ ਕਾਨੂੰਨ ਰੱਦ ਕਰਨ ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਬਹਬਿਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਵੀ ਮੰਗ ਕੀਤੀ ਗਈ। ਜਥੇਬੰਦੀ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਵਿੱਦਿਅਕ ਤੇ ਸਰਕਾਰੀ ਸੰਸਥਾਵਾਂ ਵਿੱਚ ਮੁੱਖ ਭਾਸ਼ਾ ਵਜੋਂ ਲਾਗੂ ਕਰਨ ਦੀ ਮੰਗ ਵੀ ਰੱਖੀ ਗਈ। ਕੰਵਰ ਚੜ੍ਹਤ ਸਿੰਘ ਨੇ ਪੰਥਕ ਹਿੱਤਾਂ ਦੀ ਪ੍ਰਾਪਤੀ ਲਈ ਸਮੂਹ ਸਿੱਖ ਜਥੇਬੰਦੀਆਂ ਨੂੰ ਇਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ, ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ, ਵਕੀਲ ਪੂਰਨ ਸਿੰਘ ਹੁੰਦਲ ਹਾਜ਼ਰ ਸਨ।