ਜਗਮੋਹਨ ਸਿੰਘ
ਘਨੌਲੀ, 10 ਮਈ
ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਤਕਨੀਕੀ ਨੁਕਸਾਂ ਕਾਰਨ ਬੰਦ 2 ਯੂਨਿਟ ਚਾਲੂ ਹੋਣ ਤੋਂ ਬਾਅਦ ਬਿਜਲੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ। ਸਰਕਾਰੀ ਪ੍ਰਬੰਧ ਵਾਲੇ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 5 ਅਤੇ ਲਹਿਰਾ ਮੁਹੱਬਤ ਦੇ ਯੂਨਿਟ ਨੰਬਰ 1 ਤੋਂ ਬੀਤੀ ਰਾਤ ਬਿਜਲੀ ਦੀ ਪੈਦਾਵਾਰ ਸ਼ੁਰੂ ਹੋ ਗਈ ਹੈ। ਖ਼ਬਰ ਲਿਖੇ ਜਾਣ ਸਮੇਂ 840 ਮੈਗਾਵਾਟ ਪੈਦਾਵਾਰ ਸਮਰੱਥਾ ਵਾਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਚਾਰੇ ਯੂਨਿਟਾਂ ਰਾਹੀਂ 759 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਸੀ, ਜਦੋਂ ਕਿ ਲਹਿਰਾ ਮੁਹੱਬਤ ਦੇ ਤਿੰਨ ਯੂਨਿਟ 519 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਸਨ। ਇਸ ਪਲਾਂਟ ਦਾ 4 ਨੰਬਰ ਯੂਨਿਟ ਹਾਲੇ ਵੀ ਤਕਨੀਕੀ ਨੁਕਸ ਕਾਰਨ ਬੰਦ ਪਿਆ ਹੈ।