ਪਾਲ ਸਿੰਘ ਨੌਲੀ
ਜਲੰਧਰ, 9 ਜਨਵਰੀ
ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਨੇ ਈਡੀ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਚੋਣ ਮੈਦਾਨ ਵਿੱਚੋਂ ਬਾਹਰ ਰੱਖਣ ਲਈ ਈਡੀ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਭਾਜਪਾ ਦੇ ਇਸ਼ਾਰੇ ’ਤੇ ਕੀਤਾ ਜਾ ਰਿਹਾ ਹੈ। ਮਹਿਤਾਬ ਸਿੰਘ ਨੇ ਕਿਹਾ ਕਿ 9 ਮਾਰਚ 2021 ਨੂੰ ਉਨ੍ਹਾਂ ਦੀ ਰਿਹਾਇਸ਼ਾਂ ’ਤੇ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸੁਖਪਾਲ ਸਿੰਘ ਖਹਿਰਾ ’ਤੇ ਕੌਮਾਂਤਰੀ ਡਰੱਗ ਸਰਗਨਾ ਹੋਣ, ਨਕਲੀ ਪਾਸਪੋਰਟ ਹੋਣ, ਗ਼ੈਰਕਾਨੂੰਨੀ ਵਿਦੇਸ਼ੀ ਕਰੰਸੀ, ਡਰੱਗ ਮਨੀ ਰਾਹੀਂ ਜਾਇਦਾਦਾਂ ਬਣਾਉਣ ਆਦਿ ਦੋਸ਼ ਲਾਏ ਗਏ ਸਨ, ਪਰ ਈਡੀ ਇਨ੍ਹਾਂ ਦੋਸ਼ਾਂ ਨੂੰ ਆਪਣੇ ਚਲਾਨ ਵਿੱਚ ਸਾਬਤ ਨਹੀਂ ਕਰ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਈਡੀ ਵੱਲੋਂ ਪੇਸ਼ ਕੀਤਾ ਗਿਆ 80 ਪੰਨਿਆਂ ਦਾ ਚਲਾਨ ਸਿਰਫ਼ ਸੁਖਪਾਲ ਖਹਿਰਾ ਦੀ ਪਹਿਲੀ ਅਪਰੈਲ 2014 ਤੋਂ 31 ਮਾਰਚ 2020 ਤੱਕ ਦੀ ਆਮਦਨ ਤੇ ਖਰਚਿਆਂ ਵਿਚਲੇ 3.82 ਕਰੋੜ ਰੁਪਏ ਦੇ ਫਰਕ ਦੁਆਲੇ ਹੀ ਘੁੰਮਦਾ ਹੈ। ਖਹਿਰਾ ਦੇ ਪੁੱਤਰ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰੇ ’ਤੇ ਈਡੀ ਅਧਿਕਾਰੀ ਉਸ ਦੇ ਪਿਤਾ ਨੂੰ ਚੋਣਾਂ ਤੋਂ ਦੂਰ ਰੱਖਣ ਦਾ ਯਤਨ ਕਰ ਰਹੇ ਹਨ।