ਹਰਜੀਤ ਸਿੰਘ ਪਰਮਾਰ
ਬਟਾਲਾ, 6 ਮਾਰਚ
ਯੂਕਰੇਨ ਦੇ ਸ਼ਹਿਰ ਖਾਰਕੀਵ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਗਈਆਂ ਬਟਾਲਾ ਦੀਆਂ ਦੋ ਵਿਦਿਆਰਥਣਾਂ ਬੀਤੀ ਦੇਰ ਰਾਤ ਘਰ ਪਰਤ ਆਈਆਂ ਹਨ। ਸ਼ਾਸਤਰੀ ਨਗਰ ਦੀ ਹੁਨਰਮੀਤ ਕੌਰ ਅਤੇ ਉਮਰਪੁਰਾ ਦੀ ਸੁਖਮਨਜੀਤ ਕੌਰ ਦੇ ਸੁਰੱਖਿਅਤ ਘਰ ਪਰਤਣ ’ਤੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਦੋਵਾਂ ਲੜਕੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਹ ਬੰਕਰਾਂ ’ਚ ਰਹਿ ਰਹੀਆਂ ਸਨ। ਬਾਹਰ ਹੁੰਦੇ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਕੇ ਵਿਦਿਆਰਥੀ ਸੁੰਨ ਹੋ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਬੰਕਰਾਂ ਵਿੱਚ ਵਿਦਿਆਰਥੀ ਸਿਰਫ ਬਿਸਕੁਟ ਅਤੇ ਕੇਕ ਆਦਿ ਖਾ ਕੇ ਹੀ ਗੁਜ਼ਾਰਾ ਕਰ ਰਹੇ ਹਨ। ਸੁਖਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਤਿੰਨ ਕੁ ਮਹੀਨੇ ਦੀ ਪੜ੍ਹਾਈ ਹੀ ਬਾਕੀ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੇ ਘਰ ਆਉਣ ਲਈ ਟਿਕਟ ਵੀ ਬੁੱਕ ਕਰਵਾ ਲਈ ਸੀ ਪਰ ਯੂਨੀਵਰਸਿਟੀ ਵੱਲੋਂ ਇਜਾਜ਼ਤ ਨਾ ਮਿਲਣ ਕਾਰਨ ਉਹ ਉੱਥੇ ਹੀ ਫਸ ਗਈ। ਉਸ ਨੇ ਦੱਸਿਆ ਕਿ ਬੰਕਰਾਂ ਵਿੱਚ ਅੱਠ ਦਿਨ ਬਹੁਤ ਔਖੇ ਗੁਜ਼ਰੇ। ਦੋ ਮਾਰਚ ਨੂੰ ਜਾਨ ਜੋਖ਼ਮ ਵਿੱਚ ਪਾ ਕੇ ਉਹ ਹੁਨਰਮੀਤ ਨਾਲ ਖਾਰਕੀਵ ਤੋਂ ਰੇਲ ਗੱਡੀ ਰਾਹੀਂ ਲਵੀਵ ਪੁੱਜੀ। ਉੱਥੋਂ ਟੈਕਸੀ ਰਾਹੀਂ ਪੋਲੈਂਡ ਸਰਹੱਦ ਪੁੱਜ ਕੇ ਉਨ੍ਹਾਂ ਰਾਹਤ ਮਹਿਸੂਸ ਕੀਤੀ ਪਰ ਸਰਹੱਦ ’ਤੇ ਯੂਕਰੇਨ ਦੇ ਫ਼ੌਜੀਆਂ ਦਾ ਵਤੀਰਾ ਬਹੁਤ ਮਾੜਾ ਸੀ।
ਦੋਵਾਂ ਲੜਕੀਆਂ ਨੇ ਦੱਸਿਆ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ। ਵਿਦਿਆਰਥੀ ਜਾਨ ਜੋਖ਼ਮ ਵਿੱਚ ਪਾ ਕੇ ਸਰਹੱਦਾਂ ਤੱਕ ਪਹੁੰਚ ਰਹੇ ਹਨ ਅਤੇ ਸਰਹੱਦ ਪਾਰ ਕਰਨ ਮਗਰੋਂ ਹੀ ਭਾਰਤੀ ਦੂਤਾਵਾਸ ਵੱਲੋਂ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਯੂਕਰੇਨ-ਪੋਲੈਂਡ ਸਰਹੱਦ ’ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਜੰਗ ਖਤਮ ਹੋਣ ਮਗਰੋਂ ਉਹ ਆਪਣੀ ਡਿਗਰੀ ਪੂਰੀ ਕਰਨ ਲਈ ਫਿਰ ਯੂਕਰੇਨ ਜਾ ਸਕਣਗੀਆਂ।