ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਫਰਵਰੀ
ਸ਼੍ਰੋੋਮਣੀ ਅਕਾਲੀ ਦਲ ਨੇ ਕਾਂਗਰਸ ਅਤੇ ਆਮ ਅਦਮੀ ਪਾਰਟੀ ’ਤੇ ਪੰਜਾਬ ਨੂੰ ਫਿਰਕੂ ਅੱਗ ’ਚ ਸੁੱਟ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚਣ ਦੇ ਦੋਸ਼ ਲਾਏ ਹਨ। ਅਕਾਲੀ ਦਲ ਦੇ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਸੱਤਾ ਹਥਿਆਉਣ ਲਈ ਇਨ੍ਹਾਂ ਪਾਰਟੀਆਂ ਵੱਲੋਂ ਫਿਰਕੂ ਪੱਤਾ ਖੇਡਿਆ ਜਾ ਰਿਹਾ ਹੈ। ਇਸ ਚਾਲ ਤਹਿਤ ਅਚਾਨਕ ਹਿੰਦੂ-ਸਿੱਖ ਚਿਹਰਿਆਂ ਵਾਲੀ ਗੱਲ ਤੋਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਦੀਆਂ ਇਹ ਚਾਲਾਂ ਪੰਜਾਬੀਆਂ ਦਾ ਧਿਆਨ ਅਮਨ, ਭਾਈਚਾਰਕ ਸਾਂਝ ਤੇ ਵਿਕਾਸ ਦੇ ਮੁੱਦੇ ਤੋਂ ਭਟਕਾ ਕੇ ਫਿਰਕਾਪ੍ਰਸਤੀ ਵੱਲ ਲਿਜਾਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਤੇ ਕਾਂਗਰਸ ਵੱਲੋਂ ਆਪਸੀ ਗੰਢਤੁੱਪ ਰਾਹੀਂ ਇਹ ਫਿਰਕੂ ਚਾਲ ਚੱਲੀ ਗਈ ਹੈ। ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ’ਚ ਆਪਸੀ ਭਾਈਚਾਰਾ ਸਿਰਫ਼ ਅਕਾਲੀ ਦਲ ਹੀ ਕਾਇਮ ਰੱਖ ਸਕਦਾ ਹੈ।