ਜਸਵੰਤ ਜੱਸ
ਫ਼ਰੀਦਕੋਟ, 30 ਜਨਵਰੀ
ਕਾਂਗਰਸ ਤੋਂ ਬਾਗੀ ਹੋ ਕੇ ਬਣੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਤੋਂ ਬਾਗੀ ਹੋ ਕੇ ਬਣੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰਾਂ ਨੇ ਹਾਲ ਦੀ ਘੜੀ ਭਾਜਪਾ ਦੇ ਉਮੀਦਵਾਰਾਂ ਨਾਲੋਂ ਦੂਰੀ ਬਣਾਈ ਹੋਈ ਹੈ। ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੇ ਚੋਣ ਦਫ਼ਤਰ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਆਗੂ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਰਨਾ ਸੀ ਪ੍ਰੰਤੂ ਉਹ ਦਫ਼ਤਰ ਦੇ ਉਦਘਾਟਨ ਲਈ ਫ਼ਰੀਦਕੋਟ ਆਏ ਹੀ ਨਹੀਂ। ਬੀਬੀ ਗੁਲਸ਼ਨ ਜੈਤੋ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਪੰਜਾਬ ਲੋਕ ਕਾਂਗਰਸ ਦੇ ਆਗੂ ਸੰਦੀਪ ਸਿੰਘ ਸੰਨੀ ਬਰਾੜ ਅਜੇ ਤੱਕ ਭਾਜਪਾ ਉਮੀਦਵਾਰ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੋਏ। ਸਮਝੌਤੇ ਤਹਿਤ ਪੰਜਾਬ ਲੋਕ ਕਾਂਗਰਸ ਨੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੀ ਸੀਟ ਭਾਜਪਾ ਨੂੰ ਛੱਡੀ ਹੈ। ਸੂਚਨਾ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੁਰਗੇਸ਼ ਸ਼ਰਮਾ ਨੂੰ ਪੰਜਾਬ ਲੋਕ ਕਾਂਗਰਸ ਨੇ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਹੈ। ਭਾਵੇਂ ਖੇਤੀ ਕਾਨੂੰਨ ਰੱਦ ਹੋ ਗਏ ਹਨ ਇਸ ਦੇ ਬਾਵਜੂਦ ਪੇਂਡੂ ਹਲਕਿਆਂ ਵਿੱਚ ਭਾਜਪਾ ਖ਼ਿਲਾਫ਼ ਅਜੇ ਵੀ ਲੋਕਾਂ ਵਿੱਚ ਰੋਸ ਹੈ। ਇਸ ਕਰਕੇ ਚੋਣਾਂ ਵਿੱਚ ਕੋਈ ਵੀ ਸਿਆਸੀ ਪਾਰਟੀ ਸਿੱਧੇ ਤੌਰ ’ਤੇ ਭਾਜਪਾ ਨਾਲ ਨੇੜਤਾ ਨਹੀਂ ਦਿਖਾ ਰਹੀ। ਭਾਜਪਾ ਆਗੂ ਗਗਨਦੀਪ ਸਿੰਘ ਸੁਖੀਜਾ ਨੇ ਦਾਅਵਾ ਕੀਤਾ ਕਿ ਸਾਰੀਆਂ ਸਹਿਯੋਗੀ ਪਾਰਟੀਆਂ ਉਨ੍ਹਾਂ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਹਾਮੀ ਭਰ ਚੁੱਕੀਆਂ ਹਨ ਅਤੇ ਜਲਦ ਹੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਵੀ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਮੀਟਿੰਗਾਂ ਅਤੇ ਰੈਲੀਆਂ ਕਰਨਗੇ।