ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਨਗਰ ਸੁਧਾਰ ਟਰੱਸਟ ਵਿੱਚ ਪਲਾਟਾਂ ਦੀ ਅਲਾਟਮੈਂਟ ਘੁਟਾਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਨਗਰ ਸੁਧਾਰ ਟਰੱਸਟ ਦੇ ਐਕਸੀਅਨ ਜਗਦੇਵ ਸਿੰਘ, ਜੇਈ ਇੰਦਰਜੀਤ ਸਿੰਘ, ਨਗਰ ਨਿਗਮ ਲੁਧਿਆਣਾ ਦੇ ਜੇਈ ਮਨਦੀਪ ਸਿੰਘ ਅਤੇ ਕਮਲਦੀਪ ਸਿੰਘ ਨੂੰ ਵਿਜੀਲੈਂਸ ਦੀ ਟੀਮ ਨੇ ਅੱਜ ਅਦਾਲਤ ’ਚ ਪੇਸ਼ ਕੀਤਾ। ਜਿੱਥੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚਾਰਾਂ ਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ’ਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਨਾਲ ਨਾਲ ਬੂਟਾ ਰਾਮ ਅਤੇ ਹੋਰਾਂ ਦੀ ਭਾਲ ਜਾਰੀ ਹੈ। ਵਿਜੀਲੈਂਸ ਦੀ ਟੀਮ ਦਾ ਕਹਿਣਾ ਹੈ ਕਿ ਜਲਦੀ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਕਈ ਸਵਾਲ ਪੁੱਛੇ ਗਏ ਸਨ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਦਿੱਤੇ ਹਨ। ਵਿਜੀਲੈਂਸ ਦੇ ਹੱਥ ਕਈ ਸਬੂਤ ਲੱਗੇ ਹਨ।