ਜਸਵੰਤ ਜੱਸ
ਫਰੀਦਕੋਟ, 18 ਜੂਨ
ਬਹਬਿਲ ਗੋਲੀ ਕਾਂਡ ਵਿੱਚ ਨਿਹੱਥੇ ਨੌਜਵਾਨਾਂ ਦੇ ਕਤਲ ਦੇ ਦੋਸ਼ਾਂ ’ਚ ਘਿਰੇ ਪੁਲੀਸ ਅਧਿਕਾਰੀਆਂ ਨੂੰ ਬਚਾਉਣ ਲਈ ਕਥਿਤ ਝੂਠੀ ਗਵਾਹੀ ਤਿਆਰ ਕਰਨ ਦੇ ਦੋਸ਼ ਹੇਠ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਦੇ ਪਰਿਵਾਰ ਦੀ ਹਰ ਸਰਕਾਰ ਵਿਚ ਤੂਤੀ ਬੋਲਦੀ ਰਹੀ ਹੈ। ਸੁਹੇਲ ਬਰਾੜ ਦੇ ਪਰਿਵਾਰ ’ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਉੱਚ ਪੁਲੀਸ ਤੇ ਸਿਵਲ ਅਧਿਕਾਰੀਆਂ ਦੀ ਵੀ ਮਿਹਰ ਰਹੀ ਹੈ। ਇਸੇ ਕਾਰਨ ਸੁਹੇਲ ਸਿੰਘ ਬਰਾੜ ਦੇ ਘਰ ਨਾਲ ਲੱਗਦੀ ਨਗਰ ਕੌਂਸਲ ਤੇ ਨੈਸ਼ਨਲ ਹਾਈਵੇਅ ਦੀ ਥਾਂ ਉੱਪਰ ਕਥਿਤ ਨਾਜਾਇਜ਼ ਕਬਜ਼ੇ ਕਰ ਕੇ 6 ਸ਼ੋਅ ਰੂਮ ਤੇ ਦੋ ਵੱਡੀਆਂ ਦੁਕਾਨਾਂ ਉਸਾਰੀਆਂ ਗਈਆਂ ਹਨ। ਪ੍ਰਸ਼ਾਸਨ ਨੇ ਇਸ ਨਾਜਾਇਜ਼ ਕਬਜ਼ੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸਿਆਸੀ ਰਸੂਖ ਕਾਰਨ ਪ੍ਰਸ਼ਾਸਨ ਦੀ ਵਾਹ ਨਾ ਚੱਲ ਸਕੀ। ਸਦੀ ਪੁਰਾਣੀ ਇਤਿਹਾਸਕ ਈਦਗਾਹ ਉੱਪਰ ਵੀ ਇਸ ਪਰਿਵਾਰ ਦਾ ਲੰਬਾ ਸਮਾਂ ਨਾਜਾਇਜ਼ ਕਬਜ਼ਾ ਰਿਹਾ ਹੈ। ਮੁਸਲਮਾਨ ਭਾਈਚਾਰੇ ਦੇ ਸੰਘਰਸ਼ ਮਗਰੋਂ ਕੁਝ ਸਮਾਂ ਪਹਿਲਾਂ ਹੀ ਈਦਗਾਹ ਉਨ੍ਹਾਂ ਨੂੰ ਵਾਪਸ ਮਿਲੀ ਹੈ। ਸੁਹੇਲ ਬਰਾੜ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮੰਨਿਆ ਹੈ ਕਿ ਕੁਝ ਉੱਚ ਪੁਲੀਸ ਅਧਿਕਾਰੀ ਉਸ ਦੇ ਪਿਤਾ ਦੇ ਕਰੀਬੀ ਦੋਸਤ ਸਨ ਤੇ ਇਸੇ ਦੋਸਤੀ ਕਰਕੇ 14 ਅਕਤੂਬਰ 2015 ਨੂੰ ਬਹਬਿਲ ਗੋਲੀ ਕਾਂਡ ਤੋਂ ਬਾਅਦ ਐੱਸਪੀ ਬਿਕਰਮ ਸਿੰਘ ਰਾਤ ਸਮੇਂ ਉਸ ਦੇ ਘਰ ਆਇਆ ਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਸੁਰੱਖਿਆ ਵਾਲੀ ਜਿਪਸੀ ਵਿੱਚ ਦੋ ਗੋਲੀਆਂ ਮਾਰੀਆਂ। ਸੁਹੇਲ ਸਿੰਘ ਦੇ ਪਰਿਵਾਰ ਨਾਲ ਜਗਮੀਤ ਸਿੰਘ ਬਰਾੜ ਸਮੇਤ ਅੱਧੀ ਦਰਜਨ ਸਿਆਸੀ ਆਗੂਆਂ ਦੀ ਕਾਫ਼ੀ ਨੇੜਤਾ ਰਹੀ ਹੈ।
ਸੁਹੇਲ ਬਰਾੜ ਨੇ ਐੱਸਪੀ ਬਿਕਰਮ ਸਿੰਘ ਨਾਲ ਮੁਲਾਕਾਤ ਦੀ ਗੱਲ ਕਬੂਲੀ
16 ਜੂਨ ਨੂੰ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਕੋਲੋਂ ਅੰਮ੍ਰਿਤਸਰ ਸਾਹਿਬ ਵਿਖੇ ਐੱਸਆਈਟੀ ਦੇ ਮੁੱਖ ਦਫ਼ਤਰ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੁਹੇਲ ਬਰਾੜ ਨੇ ਐੱਸਪੀ ਬਿਕਰਮ ਸਿੰਘ ਨਾਲ ਆਪਣੀ ਮੁਲਕਾਤ ਸਵੀਕਾਰ ਕੀਤੀ ਹੈ। ਇਸ ਲਈ ਵਿਸ਼ੇਸ਼ ਜਾਂਚ ਟੀਮ ਐੱਸਪੀ ਬਿਕਰਮ ਸਿੰਘ ਨੂੰ ਪੜਤਾਲ ਵਿੱਚ ਸ਼ਾਮਲ ਕਰਵਾਉਣ ਲਈ ਸਰਗਰਮ ਹੋ ਗਈ ਹੈ। ਸੂਤਰਾਂ ਅਨੁਸਾਰ ਜਾਂਚ ਟੀਮ ਨੇ ਬਿਕਰਮ ਸਿੰਘ ਨੂੰ ਪੜਤਾਲ ਲਈ ਪੇਸ਼ ਹੋਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ।