ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 11 ਜਨਵਰੀ
ਪਿੰਡ ਬੌਡੇ ਦਾ 69 ਸਾਲਾ ਅਮਰ ਸਿੰਘ ਦੌੜ ਕੇ ਕਰੀਬ 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਕਿਸਾਨ ਅੰਦੋਲਨ ਦਾ ਹਿੱਸਾ ਬਣੇਗਾ। ਪਿੰਡ ਦੇ ਗੁਰਦੁਆਰੇ ਵਿੱਚੋਂ ਰਵਾਨਾ ਹੋਣ ਮੌਕੇ ਸਾਬਕਾ ਫ਼ੌਜੀ ਅਮਰ ਸਿੰਘ ਨੇ ਦੱਸਿਆ ਕਿ ਉਹ ਮਜ਼੍ਹਬੀ ਸਿੱਖ ਰੰਗਰੇਟਾ ਗੁਰੂ ਕਾ ਬੇਟਾ ਹੈ। ਫ਼ੌਜ ਵਿੱਚ ਜੰਗਾਂ ਲੜ ਚੁੱਕਿਆ ਹੈ, ਹੁਣ ਕਿਸਾਨ ਮਜ਼ਦੂਰ ਤੇ ਸਮੂਹ ਪੰਜਾਬੀਆਂ ਦੀ ਸਾਂਝੀ ਜੰਗ ਲੜਨ ਲਈ ਦੌੜ ਕੇ ਜਾਵੇਗਾ ਅਤੇ ਮੋਰਚੇ ’ਤੇ ਡਟੇ ਕਿਸਾਨਾਂ ਨਾਲ ਜੰਗ ਜਿੱਤ ਕੇ ਮੁੜੇਗਾ। ਅਧਿਆਪਕ ਤੇ ਸਮਾਜ ਸੇਵੀ ਹਰਜੰਟ ਸਿੰਘ ਬੌਡੇ ਨੇ ਦੱਸਿਆ ਕਿ ਅਮਰ ਸਿੰਘ ਰੋਜ਼ਾਨਾ ਬੌਡੇ ਤੋਂ ਬੱਧਨੀਂ ਕਲਾਂ ਤਕ ਦੌੜਦਾ ਹੈ। ਇਸ ਮੌਕੇ ਬੰਤ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਖਾਲਸਾ, ਹਰਜੰਟ ਸਿੰਘ ਬੌਡੇ, ਜਗਤਾਰ ਸਿੰਘ ਪੰਚ ਅਤੇ ਸਿਕੰਦਰ ਸਿੰਘ ਸਮੇਤ ਹੋਰਨਾਂ ਨੇ ਦਿੱਲੀ ਅੰਦੋਲਨ ਜਲਦੀ ਜਿੱਤਣ ਦੀ ਕਾਮਨਾ ਕਰਦਿਆਂ ਅਮਰ ਸਿੰਘ ਨੂੰ ਰਵਾਨਾ ਕੀਤਾ।