ਰਾਜਿੰਦਰ ਜੈਦਕਾ
ਅਮਰਗੜ੍ਹ, 5 ਜਨਵਰੀ
ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ 132 ਪਿੰਡ ਤੇ ਦੋ ਸ਼ਹਿਰ ਅਮਰਗੜ੍ਹ ਤੇ ਅਹਿਮਦਗੜ੍ਹ ਪੈਂਦੇ ਹਨ। ਅਮਰਗੜ੍ਹ ਸਬ-ਡਿਵੀਜ਼ਨ ਬਣਨ ਦੇ ਬਾਵਜੂਦ ਸ਼ਹਿਰੀ ਸਹੂਲਤਾਂ ਤੋਂ ਵਾਂਝਾ ਹੈ। ਇੱਥੇ ਐੱਸਡੀਐੱਮ, ਤਹਿਸੀਲਦਾਰ, ਏਆਰ ਤੇ ਬੀਡੀਪੀਓ ਆਦਿ ਦੇ ਦਫ਼ਤਰ ਨਾ ਹੋਣ ਕਰਕੇ ਲੋਕਾਂ ਨੂੰ ਕੰਮਾਂ ਲਈ ਮਾਲੇਰਕੋਟਲਾ ਜਾਣਾ ਪੈਂਦਾ ਹੈ। ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਲੋਕ ਪ੍ਰਾਈਵੇਟ ਹਸਪਤਾਲਾਂ ’ਚ ਮਹਿੰਗੇ ਇਲਾਜ ਕਰਵਾਉਣ ਲਈ ਮਜਬੂਰ ਹਨ ਅਤੇ ਇਲਾਕੇ ’ਚ ਕੋਈ ਆਈਟੀਆਈ ਵੀ ਨਹੀਂ। ਇਸੇ ਤਰ੍ਹਾਂ ਹਲਕੇ ਵਿਚ ਕੋਈ ਵੱਡੀ ਸਨਅਤੀ ਇਕਾਈ ਨਹੀਂ ਹੈ। ਨਿੱਤ ਲੱਗਦੇ ਟਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਲੋਕ ਨਿਰਮਾਣ ਵਿਭਾਗ ਦੀ ਜਗ੍ਹਾ ’ਤੇ ਲੋਕਾਂ ਵੱਲੋਂ ਕੀਤੇ ਕਬਜ਼ਿਆਂ ਕਾਰਨ 95 ਫੁੱਟ ਚੌੜੀ ਸੜਕ 20-25 ਫੁੱਟ ਹੀ ਰਹਿ ਗਈ ਹੈ। ਹੁਣ ਤਕ ਕਿਸੇ ਵੀ ਵਿਧਾਇਕ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਆਵਾਜਾਈ ਦੀ ਸਮੱਸਿਆ ਦਾ ਹੱਲ ਨਹੀਂ ਕਰਵਾਇਆ।
ਅਹਿਮਦਗੜ੍ਹ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਵਾਰ-ਵਾਰ ਸੜਕ ਪੁੱਟੀ ਜਾ ਰਹੀ ਹੈ। ਪਹਿਲੀ ਵਾਰ ਸਰਕਾਰੀ ਸਕੂਲ ਬਣਿਆ ਹੈ ਪਰ ਟੋਬੇ ਵਾਲੀ ਜਗ੍ਹਾ ’ਤੇ ਬਣੀ ਇਮਾਰਤ ਢਹਿ-ਢੇਰੀ ਹੋਣ ਦੇ ਖਦਸ਼ੇ ਹਨ। ਮੌਜੂਦਾ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਕਾਰਜਕਾਲ ਦੌਰਾਨ ਅਮਰਗੜ੍ਹ ਵਿਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜੋ ਅੰਤਮ ਦੌਰ ਵਿਚ ਹੈ। ਧੀਮਾਨ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਹਲਕਾ ਅਮਰਗੜ੍ਹ ਵਿਚ 351 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਕਾਰਜ ਪੂਰੇ ਹੋ ਗਏ ਤਾਂ ਹਲਕੇ ਦੀ ਨਵੀਂ ਦਿੱਖ ਸਾਹਮਣੇ ਆਵੇਗੀ। ਕਾਂਗਰਸੀ ਆਗੂ ਨੇ ਦੱਸਿਆ ਕਿ ਉਨ੍ਹਾਂ ਅਹਿਮਦਗੜ੍ਹ ਵਿਚਲੀ ਦਾਣਾ ਮੰਡੀ ’ਤੇ 15 ਕਰੋੜ, ਪੋਹੜ ਸੜਕ ’ਤੇ ਲਗਪਗ 34 ਕਰੋੜ, ਨਗਰ ਕੌਂਸਲ ਅਹਿਮਦਗੜ੍ਹ ’ਤੇ 24 ਕਰੋੜ, ਰੇਲਵੇ ਲਾਈਨ ਸੀਵਰੇਜ ਕਰਾਸਿੰਗ ’ਤੇ ਇੱਕ ਕਰੋੜ, ਜੰਡਾਲੀ ਅੰਡਰਬਰਿੱਜ ’ਤੇ ਸਵਾ ਦੋ ਕਰੋੜ, ਅਮਰਗੜ੍ਹ ਨਗਰ ਪੰਚਾਇਤ ’ਤੇ 16 ਕਰੋੜ ਅਤੇ ਸਬ-ਡਿਵੀਜ਼ਨ ਦੇ ਦਫਤਰ ’ਤੇ ਚਾਰ ਕਰੋੜ ਰੁਪਏ ਲਾਏ ਹਨ। ਇਨ੍ਹਾਂ ਦੇ ਕਾਰਜ ਮੁਕੰਮਲ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਿਹੜੇ ਕੰਮਾਂ ਦੀ ਲੋੜ ਹੁੰਦੀ ਹੈ, ਉਸ ਲਈ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਹਲਕੇ ਦੇ ਵਿਕਾਸ ਲਈ 351 ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਝੂਠ ਹੈ। ਇਨ੍ਹਾਂ ’ਚੋਂ ਅੱਧੇ ਉਹ ਕੰਮ ਹਨ, ਜੋ ਰੁਟੀਨ ਵਿਚ ਹੁੰਦੇ ਰਹਿਦੇ ਹਨ। ਕੁਝ ਕੰਮ ਅਜਿਹੇ ਹਨ, ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਏ ਪਰ ਇਸ ਸਰਕਾਰ ਨੇ ਮੁਕੰਮਲ ਕਰਵਾਏ। ਵਿਧਾਇਕ ਧੀਮਾਨ ਹਲਕੇ ਵਿਚ ਕੋਈ ਵੱਡਾ ਪ੍ਰਾਜੈਕਟ ਲਿਆਉਣ, ਜੌੜੇਪੁਲ ਤੋਂ ਬੱਬਨਪੁਰ ਤਕ ਸੜਕ ਪੂਰੀ ਕਰਵਾਉਣ ਤੇ ਬਾਈਪਾਸ ਕਢਵਾਉਣ ਵਿਚ ਨਾਕਾਮ ਰਹੇ ਹਨ। ਇਹ ਕੰਮ ਹਲਕੇ ਲਈ ਬਹੁਤ ਜ਼ਰੂਰੀ ਹਨ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਪੰਜ ਸਾਲ ਪਿੰਡਾਂ ਵਿੱਚ ਨਦਾਰਦ ਰਹਿਣਾ ਅਤੇ ਪਿੰਡਾਂ ਦੀ ਵਿਕਾਸ ਪੱਖੋਂ ਤਰਸਯੋਗ ਹਾਲਤ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ ਹੈ।
ਵਿਧਾਨ ਸਭਾ ਚੋਣਾਂ 2017 ਦੇ ਨਤੀਜੇ
ਪਾਰਟੀ ਉਮੀਦਵਾਰ ਚੋਣਾਂ
ਕਾਂਗਰਸ ਸੁਰਜੀਤ ਸਿੰਘ ਧੀਮਾਨ 50,994
ਅਕਾਲੀ ਦਲ ਇਕਬਾਲ ਸਿੰਘ ਝੂੰਦਾਂ 38,915
‘ਆਪ’ ਤੇ ‘ਲਿਪ’ ਜਸਵੰਤ ਗੱਜਣਮਾਜਰਾ 36,063
”ਹਲਕੇ ’ਚ 351 ਕਰੋੜ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ।”
-ਸੁਰਜੀਤ ਸਿੰਘ ਧੀਮਾਨ, ਕਾਂਗਰਸ
”ਧੀਮਾਨ ਹਲਕੇ ਵਿਚ ਕੋਈ ਵੱਡਾ ਪ੍ਰਾਜੈਕਟ ਲਿਆਉਣ ਵਿਚ ਨਾਕਾਮ ਰਹੇ।”
-ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਅਕਾਲੀ ਦਲ
”ਪਿੰਡਾਂ ਦੀ ਵਿਕਾਸ ਪੱਖੋਂ ਤਰਸਯੋਗ ਹਾਲਤ ਧੀਮਾਨ ਦੀ ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ ਹੈ। ”
-ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ‘ਆਪ’