ਚਰਨਜੀਤ ਭੁੱਲਰ
ਚੰਡੀਗੜ੍ਹ, 7 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨਾਲ ਮਿਲਣੀ ਮਗਰੋਂ ਅੱਜ ਰਾਜਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ ਹੈ ਜਿਸ ਵਿਚ ਪੰਜਾਬ ਚੋਣਾਂ ਨੂੰ ਲੈ ਕੇ ਚਰਚਾ ਹੋਈ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੂੰ ਵਜ਼ਾਰਤ ਵਿਚ ਰੱਦੋਬਦਲ ਦੀ ਤਿਆਰੀ ਕਰਨ ਲਈ ਆਖ ਦਿੱਤਾ ਹੈ। ਅੱਜ ਦਿੱਲੀ ਵਿਚ ਪ੍ਰਸ਼ਾਂਤ ਕਿਸ਼ੋਰ ਨਾਲ ਕਰੀਬ ਇੱਕ ਘੰਟਾ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਮੁਲਾਕਾਤ ਪਿੱਛੋਂ ਦੁਪਹਿਰ ਵੇਲੇ ਵਾਪਸ ਚੰਡੀਗੜ੍ਹ ਪਰਤ ਆਏ ਹਨ। ਮੁੱਖ ਮੰਤਰੀ ਨੇ ਹੁਣ ਮੁੜ ਪੰਜਾਬ ਚੋਣਾਂ ਜਿੱਤਣ ਲਈ ਪ੍ਰਸ਼ਾਂਤ ਕਿਸ਼ੋਰ ’ਤੇ ਟੇਕ ਲਾਈ ਹੈ। ਸੂਤਰ ਦੱਸਦੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਫ਼ ਕਰ ਦਿੱਤਾ ਹੈ ਕਿ ਅਗਲੀਆਂ ਪੰਜਾਬ ਚੋਣਾਂ ਜਿੱਤਣਾ ਐਨਾ ਸੌਖਾ ਨਹੀਂ ਹੈ ਜਿਸ ਲਈ ਸਿਰ ਜੋੜ ਕੇ ਤਿਆਰੀ ਕਰਨੀ ਹੋਵੇਗੀ। ਪ੍ਰਸ਼ਾਂਤ ਕਿਸ਼ੋਰ ਨੇ ਨਸੀਹਤ ਦਿੱਤੀ ਹੈ ਕਿ ਪੰਜਾਬ ਸਰਕਾਰ ਪਹਿਲਾਂ ਰਾਜ ਦੇ ਲੋਕਾਂ ਨੂੰ ਕਾਰਗੁਜ਼ਾਰੀ ਦਿਖਾਵੇ।
ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਪੰਜਾਬ ਵਿਚ ਕਈ ਹਫ਼ਤਿਆਂ ਤੋਂ ਕੰਮ ਕਰ ਰਹੀ ਹੈ ਅਤੇ ਇਸ ਟੀਮ ਵੱਲੋਂ ਹਫਤਾਵਾਰੀ ਰਿਪੋਰਟ ਪ੍ਰਸ਼ਾਂਤ ਕਿਸ਼ੋਰ ਨੂੰ ਦਿੱਤੀ ਜਾ ਰਹੀ ਹੈ। ਇਸੇ ਫੀਡਬੈਕ ਦੇ ਅਧਾਰ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੁਝ ਕੌੜੀਆਂ ਗੱਲਾਂ ਵੀ ਕਹੀਆਂ ਹਨ। ਅੱਜ ਕਰੀਬ 11.30 ਵਜੇ ਪ੍ਰਸ਼ਾਂਤ ਕਿਸ਼ੋਰ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੀਟਿੰਗ ਲਈ ਪੁੱਜੇ ਸਨ।
ਪ੍ਰਸ਼ਾਂਤ ਕਿਸ਼ੋਰ ਦੀ ਇਸ ਮਿਲਣੀ ਮੌਕੇ ਸੰਸਦ ਮੈਂਬਰ ਜਸਬੀਰ ਡਿੰਪਾ, ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਕਪੂਰਥਲਾ ਹਾਊਸ ਵਿਚ ਮੌਜੂਦ ਸਨ ਪਰ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਨਾਲ ਇਕੱਲੇ ਮੀਟਿੰਗ ਕੀਤੀ। ਉਸ ਮਗਰੋਂ ਮੌਜੂਦ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਸੰਖੇਪ ਮਿਲਣੀ ਕੀਤੀ ਹੈ। ਵਿਧਾਇਕ ਰਾਜ ਕੁਮਾਰ ਵੇਰਕਾ ਦਾ ਕਹਿਣਾ ਸੀ ਕਿ ਅੱਜ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਹੈ ਅਤੇ ਇਸ ਤੋਂ ਵੱਧ ਕੁਝ ਪਤਾ ਨਹੀਂ ਹੈ।