ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 2 ਅਕਤੂਬਰ
ਨਾਰਵੇ ਵਿੱਚ ਦਰਮਨ ਦੇ ਮਿਉਂਸਿਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਨੇ ਕਈ ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ ਦਸਤਾਰ ਬੰਨ੍ਹਣ ਦੇ ਵਿਸ਼ੇਸ਼ ਸਟਾਈਲ ਸਬੰਧੀ ਸਰਕਾਰ ਤੋਂ ਆਪਣੀ ਮੰਗ ਮੰਨਵਾਉਣ ਲਈ ਸਫਲਤਾ ਹਾਸਲ ਕੀਤੀ ਹੈ। ਨਾਰਵੇ ਵਿਚ ਦਸਤਾਰ ਸਜਾਉਣ ਵਾਲਿਆਂ ਦਾ ਪਾਸਪੋਰਟ ਨਹੀਂ ਬਣਾਇਆ ਜਾਂਦਾ ਸੀ ਤੇ ਨਾਰਵੇ ਸਰਕਾਰ ਨੇ 2014 ਦੇ ਪਾਸਪੋਰਟ ਨਿਯਮਾਂ ਵਿਚ ਬਦਲਾਅ ਲਿਆਂਦੇ ਸਨ ਜਿਨ੍ਹਾਂ ਤਹਿਤ ਦਸਤਾਰ ਕੰਨ ਨੰਗੇ ਰੱਖ ਕੇ ਬੰਨ੍ਹਣੀ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਉੱਘੀ ਲੇਖਕਾ ਪਰਮਜੀਤ ਕੌਰ ਸਰਹਿੰਦ ਦੇ ਜਵਾਈ ਹਨ। ਸਰਹਿੰਦ ਵਿਚ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਨਾਰਵੇ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਕੰਨਾਂ ਤੋਂ ਦਸਤਾਰ ਚੁੱਕ ਕੇ ਪਾਸਪੋਰਟ ’ਤੇ ਫੋਟੋ ਲਵਾਉਣ ਲਈ ਕਾਨੂੰਨ ਪਾਸ ਕੀਤਾ ਸੀ। ਅੰਮ੍ਰਿਤਪਾਲ ਸਿੰਘ ਨੇ ਯੰਗ ਸਿੱਖ ਜਥੇਬੰਦੀ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਸਰਕਾਰ ਨਾਲ ਲਗਾਤਾਰ ਰਾਬਤਾ ਰੱਖਿਆ। ਉਨ੍ਹਾਂ ਦੇ ਸੰਘਰਸ਼ ਤੋਂ ਬਾਅਦ ਨਾਰਵੇ ਸਰਕਾਰ ਨੇ ਕਾਨੂੰਨ ਵਿਚ ਸੋਧ ਕਰ ਦਿੱਤੀ ਹੈ। ਨਵੇਂ ਕਾਨੂੰਨ ਅਨੁਸਾਰ ਸਿੱਖ ਭਾਈਚਾਰਾ ਪਾਸਪੋਰਟ ’ਤੇ ਫੋਟੋ ਲਵਾ ਸਕੇਗਾ। ਨਾਰਵੇ ਦੀ ਕਾਨੂੰਨ ਮੰਤਰੀ ਮੋਨਿਕਾ ਮੇਲਾਂਦ ਤੇ ਸੱਭਿਆਚਾਰਕ ਮੰਤਰੀ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਓਸਲੋ ਵਿਖੇ ਉਕਤ ਫ਼ੈਸਲੇ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਕਪੂਰਥਲਾ ਦਾ ਜੰਮਪਲ ਹੈ ਤੇ ਉਹ ਪਿਛਲੇ ਸਮੇਂ ਇਸ ਮਸਲੇ ਸਬੰਧੀ ਭਾਰਤ ਆਏ ਸਨ ਅਤੇ ਭਾਰਤ ਸਰਕਾਰ ਨੂੰ ਇਸ ਸਬੰਧੀ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ।