ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਦਸੰਬਰ
ਅਮਰੀਕੀ ਫਿਲਮਸਾਜ਼ ਤੇ ‘ਨਾਸਾ’ ਦੇ ਸਾਬਕਾ ਵਿਗਿਆਨੀ ਬੇਦੋਬਰਾਤਾ ਪੇਨ ਅੱਜ ਕਿਸਾਨ ਅੰਦੋਲਨ ’ਤੇ ਬਣਾਈ ਜਾ ਰਹੀ ਦਸਤਾਵੇਜ਼ੀ ਦੇ ਫਿਲਮਾਂਕਣ ਲਈ ਟਿਕਰੀ ਹੱਦ ’ਤੇ ਪਹੁੰਚੇ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਮੋਰਚੇ ਵਿੱਚ ਸ਼ਾਮਲ ਲੋਕਾਂ ਨਾਲ ਅੰਦੋਲਨ ਬਾਰੇ ਗੱਲਬਾਤ ਕਰ ਕੇ ਸੰਘਰਸ਼ ਸਬੰਧੀ ਜਾਣਕਾਰੀ ਇਕੱਤਰ ਕੀਤੀ। ਜ਼ਿਕਰਯੋਗ ਹੈ ਕਿ ਬੇਦੋਬਰਾਤਾ ਪੇਨ ਕਾਰਪੋਰੇਟ ਘਰਾਣਿਆਂ ਵੱਲੋਂ ਤਬਾਹ ਕੀਤੀ ਗਈ ਅਮਰੀਕੀ ਕਿਸਾਨੀ ਸਬੰਧੀ ਪਹਿਲਾਂ ਵੀ ਇੱਕ ਦਸਤਾਵੇਜ਼ੀ ਬਣਾ ਚੁੱਕੇ ਹਨ। ਇਸ ਵਿੱਚ ਅਮਰੀਕਾ ਦੇ ਕਿਸਾਨਾਂ ਦਾ ਭਾਰਤੀ ਕਿਸਾਨਾਂ ਨੂੰ ਸੁਨੇਹਾ ਹੈ ਕਿ ਕਿਵੇਂ ਅਮਰੀਕਾ ਵਿੱਚ ਖੇਤੀ ਸੁਧਾਰਾਂ ਦੇ ਨਾਂ ’ਤੇ ਸਾਰੀ ਕਿਸਾਨੀ ਨੂੰ ਤਬਾਹ ਕਰ ਕੇ ਜ਼ਮੀਨ ਕੰਪਨੀਆਂ ਹਵਾਲੇ ਕਰ ਦਿੱਤੀ ਗਈ।
ਕਿਸਾਨ ਆਗੂ ਦੀਪ ਸਿੰਘ ਵਾਲਾ ਨੇ ਕਿਹਾ ਕਿ ਇਸ ਅੰਦੋਲਨ ਦੀ ਜਿੱਤ ਨੇ ਕਾਰਪੋਰੇਟ ਪੱਖੀ ਸਰਕਾਰਾਂ ਨੂੰ ਚਿੰਤਾ ’ਚ ਪਾਇਆ ਹੈ ਤੇ ਦੁਨੀਆ ਭਰ ਦੇ ਪੂੰਜੀਵਾਦੀ ਪ੍ਰਬੰਧ ਤੋਂ ਸਤਾਏ ਲੋਕਾਂ ਨੂੰ ਹੱਕਾਂ ਲਈ ਆਵਾਜ਼ ਚੁੱਕਣ ਲਈ ਪ੍ਰੇਰਿਆ ਹੈ। ਇਸੇ ਕਰਕੇ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜਾਰਥੀ ਤੇ ਹੋਰ ਚੇਤੰਨ ਲੋਕ ਲਗਾਤਾਰ ਮੋਰਚੇ ਬਾਰੇ ਲਿਖਣ ਅਤੇ ਹੋਰ ਜਾਣਕਾਰੀ ਇਕੱਤਰ ਕਰਨ ਲਈ ਮੋਰਚੇ ’ਚ ਪਹੁੰਚ ਰਹੇ ਹਨ।
ਬੇਦੋਬਰਾਤਾ ਪੇਨ ਅਤੇ ਪੱਤਰਕਾਰ ਸ੍ਰਿਸ਼ਟੀ ਅਗਰਵਾਲ ਨੇ ਦੱਸਿਆ ਕਿ ਅਮਰੀਕਾ ਵਿੱਚ ਔਸਤਨ ਡੇਢ ਸੌ ਏਕੜ ਵਾਲੇ ਕਿਸਾਨ ਸਨ। ਕਾਰਪੋਰੇਟਾਂ ਨੇ ਇਨ੍ਹਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰ ਕੇ ਉੱਥੇ ਵੱਡੇ-ਵੱਡੇ ਫਾਰਮ ਬਣਾ ਲਏ ਹਨ। ਇਸ ਤੋਂ ਇਲਾਵਾ ਪਸ਼ੂ ਪਾਲਣ ਕਿੱਤਾ ਵੀ ਕਾਰਪੋਰੇਟਾਂ ਨੇ ਤਹਿਸ-ਨਹਿਸ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਹਰ ਕਿਸਾਨ ਪਰਿਵਾਰ ’ਚੋਂ ਕਿਸੇ ਨਾ ਕਿਸੇ ਮੈਂਬਰ ਨੇ ਖੁਦਕੁਸ਼ੀ ਕੀਤੀ ਹੈ।