ਦਵਿੰਦਰ ਸਿੰਘ ਭੰਗੂ
ਰਈਆ, 26 ਜੂਨ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਗੋਲਾ ਬਾਰੂਦ ਡਿੱਪੂ ਬਿਆਸ ਦੇ ਨਾਲ ਲਗਦੀ ਡੇਰਾ ਬਿਆਸ ਦੀ ਕੰਧ ਅਤੇ 1000 ਮੀਟਰ ਦੇ ਘੇਰੇ ਵਿੱਚ ਆਉਂਦੀਆਂ ਹੋਰ ਉਸਾਰੀਆਂ ਦੀ ਨਿਸ਼ਾਨਦੇਹੀ ਡੇਰਾ ਰਾਧਾ ਸਵਾਮੀ ਦੇ ਸ਼ਰਧਾਲੂਆਂ ਦੇ ਵਿਰੋਧ ਦੇ ਬਾਵਜੂਦ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਇੱਕ ਸਿਵਲ ਰਿੱਟ ਪਟੀਸ਼ਨ ਸਬੰਧੀ ਨਿਸ਼ਾਨਦੇਹੀ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਸਨ ਅਤੇ ਡੀਸੀ ਵੱਲੋਂ ਇਸ ਸਬੰਧੀ ਰਿਪੋਰਟ ਛੇਤੀ ਹੀ ਹਾਈ ਕੋਰਟ ਨੂੰ ਸੌਂਪੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅੱਜ ਸਵੇਰੇ 10.30 ਵਜੇ ਆਪਣੇ ਅਮਲੇ ਨਾਲ ਬੁੱਢਾ ਥੇਹ ਬਿਆਸ ਪੁੱਜ ਗਏ, ਜਿਨ੍ਹਾਂ ਨੇ ਉੱਥੇ ਬਾਅਦ ਦੁਪਹਿਰ 2 ਵਜੇ ਤੱਕ ਮਾਲ ਵਿਭਾਗ ਦੇ ਅਮਲੇ ਰਾਹੀਂ ਪੱਕੀਆਂ ਬੁਰਜੀਆਂ ਕਾਇਮ ਲਗਵਾ ਕੇ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕਰਵਾ ਦਿੱਤਾ। ਨਿਸ਼ਾਨਦੇਹੀ ਦੀ ਭਿਣਕ ਪੈਂਦਿਆਂ ਹੀ ਡੇਰਾ ਰਾਧਾ ਸਵਾਮੀ ਬਿਆਸ ਦੇ ਸਕੱਤਰ ਨਿਰਮਲ ਪਟਵਾਲੀਆ ਤੇ ਬੋਹੜ ਸਿੰਘ ਨੇ ਵੱਡੀ ਗਿਣਤੀ ਡੇਰੇ ਦੇ ਸ਼ਰਧਾਲੂਆਂ ਨੂੰ ਨਾਲ ਲੈ ਕੇ ਅਸਲਾ ਡਿੱਪੂ ਬਿਆਸ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ, ਫੌਜੀ ਅਧਿਕਾਰੀਆਂ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ, ਪਰ ਮਾਲ ਅਧਿਕਾਰੀਆਂ ਨੇ ਆਪਣਾ ਕੰਮ ਜਾਰੀ ਰੱਖਿਆ।
ਜ਼ਿਲ੍ਹਾ ਮਾਲ ਅਧਿਕਾਰੀ ਸੰਜੀਵ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੋਲਾ ਬਾਰੂਦ ਡਿੱਪੂ ਦੇ ਆਲੇ-ਦੁਆਲੇ 1000 ਮੀਟਰ ਦੇ ਘੇਰੇ ਦੀ ਨਿਸ਼ਾਨਦੇਹੀ ਕਰਨ ਵਾਸਤੇ ਅੱਜ ਮਾਲ ਵਿਭਾਗ ਵੱਲੋਂ ਪਿੰਡ ਬੁੱਢਾ ਥੇਹ ਅਤੇ ਦੋਲੋ ਨੰਗਲ ਵਾਲੇ ਪਾਸੇ ਤੋਂ ਤਿੰਨ ਪੱਕੀਆਂ ਬੁਰਜੀਆਂ ਕਾਇਮ ਕੀਤੀਆਂ ਗਈਆਂ ਹਨ ਅਤੇ ਇਕ ਹੋਰ ਪੱਕੀ ਬੁਰਜੀ ਕਾਇਮ ਕਰਨ ਉਪਰੰਤ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹਾਈ ਕੋਰਟ ਦੇ ਹੁਕਮਾਂ ’ਤੇ ਇਹ ਕੰਮ ਛੇਤੀ ਮੁਕੰਮਲ ਕਰ ਲਿਆ ਜਾਵੇਗਾ।