ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜੁਲਾਈ
ਪੰਜਾਬ ਪੁਲੀਸ ਨੇ ਵਿਭਾਗ ਵਿਚ ਕਾਲੀਆਂ ਭੇਡਾਂ ਖ਼ਿਲਾਫ਼ ਵਿੱਢੀ ਕਾਰਵਾਈ ਤਹਿਤ ਸਬ ਇੰਸਪੈਕਟਰ ਨੂੰ ਨਸ਼ਾ ਤਸਕਰ ਕੋਲੋਂ ਦੱਸ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸਪੈਸ਼ਲ ਟਾਸਕ ਫੋਰਸ ਵੱਲੋਂ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਸਬ ਇੰਸਪੈਕਟਰ ਦੀ ਸ਼ਨਾਖਤ ਨਰਿੰਦਰ ਸਿੰਘ ਵਜੋਂ ਹੋਈ ਹੈ। ਉਹ ਥਾਣਾ ਲੋਪੋਕੇ ਵਿੱਚ ਵਧੀਕ ਐੱਸਐੱਚਓ ਵਜੋਂ ਤਾਇਨਾਤ ਸੀ। ਐੱਸਟੀਐੱਫ ਨੇ ਕਥਿਤ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਹੈ। ਇਸ ਸਬ ਇੰਸਪੈਕਟਰ ਦਾ ਨਾਂ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਪੁਲੀਸ ਨੇ ਨਸ਼ਾ ਤਸਕਰ ਗੁਰਅਵਤਾਰ ਸਿੰਘ ਅਤੇ ਉਸ ਦੇ ਸਾਥੀ ਨੂੰ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਪੁੱਛ ਪੜਛਾਲ ਬਾਅਦ ਇਕ ਹੋਰ ਤਸਕਰ ਬਲਵਿੰਦਰ ਸਿੰਘ ਬਿੱਲਾ ਨੂੰ ਵੀ ਕਾਬੂ ਕੀਤਾ ਗਿਆ। ਇਹ ਸਾਰੇ ਤਸਕਰ ਸੁਰਮੁਖ ਸਿੰਘ ਅਤੇ ਦਿਲਬਾਗ ਸਿੰਘ, ਜਿਨ੍ਹਾਂ ਨੂੰ ਪਹਿਲਾਂ ਹੀ ਐੱਸਟੀਐੱਫ ਵੱਲੋਂ ਗ੍ਰਿਫ਼ਤਾਰ ਕੀਤਾ ਹੋਇਆ, ਦੇ ਸਾਥੀ ਹਨ। ਇਨ੍ਹਾਂ ਨੂੰ ਲੁਧਿਆਣਾ ਅਦਾਲਤ ਵਿਚ ਬੰਬ ਧਮਾਕੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਸਬ ਇੰਸਪੈਕਰ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ।