ਪੱਤਰ ਪ੍ਰੇਰਕ
ਅੰਮ੍ਰਿਤਸਰ, 27 ਜੂਨ
ਉੱਘੇ ਅਰਥਸ਼ਾਸਤਰੀ ਡਾ. ਸਰਬਜੀਤ ਸਿੰਘ ਛੀਨਾ ਨੇ ਕਿਹਾ ਕਿ ਸ਼ਹਿਰ ਦਾ ਵਪਾਰੀ ਭਾਈਚਾਰਾ ਬਜਟ ਵਿੱਚ ਸਨਅਤ ਅਤੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ 3163 ਕਰੋੜ ਦੇ ਉਪਬੰਧ ਤੋਂ ਸੰਤੁਸ਼ਟ ਹੈ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ‘ਵਪਾਰੀ ਕਮਿਸ਼ਨ’ ਦੀ ਸਥਾਪਨਾ ਦਾ ਸਵਾਗਤ ਕਰਦਿਆਂ ਇਸ ਨੂੰ ਵਪਾਰੀਆਂ ਦੀ ਚੜ੍ਹਦੀ ਕਲਾ ਲਈ ਸਾਰਥਕ ਕਦਮ ਦੱਸਿਆ ਹੈ। ਅੰਮ੍ਰਿਤਸਰ (ਪੱਛਮੀ) ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਬਜਟ ਨੂੰ ਲੋਕ ਪੱਖੀ ਦੱਸਦਿਆਂ ਕਿਹਾ ਕਿ ਅੱਜ ਲੋਕਾਂ ਨੂੰ ਉਸ ਬਦਲਾਅ ਦੀ ਝਲਕ ਮਿਲੀ ਹੈ, ਜਿਸ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਦਾ ਪਹਿਲਾ ਪੇਪਰ ਰਹਿਤ ਬਜਟ ਪੇਸ਼ ਕਰ ਕੇ ਸਰਕਾਰ ਨੇ ਕਰੋੜਾਂ ਰੁਪਏ ਦੀ ਬੱਚਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਿਹਤ, ਸਿੱਖਿਆ ਅਤੇ ਸੈਰ-ਸਪਾਟੇ ਨੂੰ ਤਰਜੀਹ ਦਿੱਤੀ ਗਈ ਹੈ।