ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 7 ਸਤੰਬਰ
ਫ਼ਤਹਿਗੜ੍ਹ ਬਾਕਸਿੰਗ ਵੈੱਲਫੇਅਰ ਸੁਸਾਇਟੀ ਵੱਲੋਂ ਐੱਸਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਚੱਲ ਰਹੀ 5ਵੀਂ ਇਲਾਈਟ ਮੈਨ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿੱਪ ਸਮਾਪਤ ਹੋ ਗਈ, ਜਿਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਓਵਰਆਲ ਟਰਾਫ਼ੀ ’ਤੇ ਕਬਜ਼ ਕੀਤਾ ਜਦੋਂ ਕਿ ਪਟਿਆਲਾ ਦੂਜੇ ਸਥਾਨ ’ਤੇ ਰਿਹਾ। ਜੇਤੂ ਟੀਮ ਨੇ 45, 51 ਅਤੇ 54 ਕਿੱਲੋ ਭਾਰ ਵਰਗ ਵਿੱਚ 3 ਗੋਲਡ, 2 ਸਿਲਵਰ ਅਤੇ 2 ਕਾਂਸੇ ਦੇ ਤਗਮੇ ਹਾਸਲ ਕੀਤੇ ਜਦਕਿ ਦੂਜੇ ਨੰਬਰ ’ਤੇ ਪਟਿਆਲਾ ਨੇ 2 ਗੋਲਡ, 1 ਸਿਲਵਰ ਅਤੇ 2 ਕਾਂਸੇ ਦੇ ਤਗਮੇ ਹਾਸਲ ਕੀਤੇ। ਚੈਂਪੀਅਨਸ਼ਿੱਪ ਦੇ ਕੋਚ ਅਜੀਤ ਬਖ਼ਸੀ ਅਤੇ ਰਵਿੰਦਰ ਸ਼ਾਹੀ ਨੇ ਦੱਸਿਆ ਕਿ ਚਾਰ ਦਿਨਾਂ ਤੱਕ ਚੱਲੀ ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 27 ਟੀਮਾਂ ਦੇ 178 ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਆਖਰੀ ਦਿਨ ਅੰਤਿਮ ਦਿਨ ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨੇ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਵਿਸ਼ੇਸ਼ ਮਹਿਮਾਨ ਵਜੋਂ ਦੇਸ਼ ਭਗਤ ਯੂਨੀਵਰਸਿਟੀ ਦੀ ਉਪ ਕੁਲਪਤੀ ਡਾ. ਸ਼ਾਲਿਨੀ ਗੁਪਤਾ ਤੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ।