ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਦਸੰਬਰ
ਥਾਣਾ ਹੈਬੋਵਾਲ ਦੇ ਰਘਬੀਰ ਪਾਰਕ ਇਲਾਕੇ ਵਿੱਚ ਗੁਆਂਢੀਆਂ ਤੋਂ ਤੰਗ ਆ ਕੇ ਕਿਰਨਦੀਪ ਕੌਰ (35) ਨਾਂ ਦੀ ਔਰਤ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਧੀ ਪੀਆ ਮਲਹੋਤਰਾ ਨੇ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਦੀ ਹਾਲਤ ਗੰਭੀਰ ਹੈ। ਕਿਰਨਦੀਪ ਦੇ ਪਤੀ ਹਰਪ੍ਰੀਤ ਸਿੰਘ ਨੇ ਥਾਣਾ ਜਗਤਪੁਰੀ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸ਼ਨਿੱਚਰਵਾਰ ਰਾਤ ਨੂੰ ਜਦੋਂ ਉਹ ਕੰਮ ਤੋਂ ਪਰਤਿਆ ਤਾਂ ਦੋਹਾਂ ਨੇ ਫਾਹਾ ਲਿਆ ਹੋਇਆ ਸੀ। ਇਸ ਦੌਰਾਨ ਕਿਰਨਦੀਪ ਦੀ ਮੌਤ ਹੋ ਚੁੱਕੀ ਸੀ ਪਰ ਪੀਆ ਦੇ ਸਾਹ ਚੱਲ ਰਹੇ ਹਨ। ਇਸ ਮਗਰੋਂ ਉਹ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੇ ਦੱਸਿਆ ਕਿ ਕਿਰਨਦੀਪ ਦਾ ਉਨ੍ਹਾਂ ਦੇ ਗੁਆਂਢੀਆਂ ਨਾਲ ਕਿਸੇ ਗੱਲ ਤੋਂ ਝੱਗੜਾ ਚੱਲ ਰਿਹਾ ਸੀ। ਉਨ੍ਹਾਂ ਵੱਲੋਂ ਝਗੜੇ ਦੌਰਾਨ ਵਰਤੀ ਗਈ ਸ਼ਬਦਾਵਲੀ ਨੂੰ ਨਾ ਸਹਾਰਦਿਆਂ ਦੋਹਾਂ ਨੇ ਇਹ ਕਦਮ ਚੁੱਕਿਆ। ਇਸ ਦੌਰਾਨ ਉਨ੍ਹਾਂ ਕੋਲੋਂ ਇੱਕ ਨੋਟ ਵੀ ਮਿਲਿਆ, ਜਿਸ ਦੇ ਆਧਾਰ ’ਤੇ ਪੁਲੀਸ ਨੇ ਅਨੂ ਪਤਨੀ ਰਾਜ ਕੁਮਾਰ, ਟੋਨੀ ਅਤੇ ਉਸ ਦੀ ਪਤਨੀ ਨਿਧੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।