ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 22 ਫ਼ਰਵਰੀ
ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਭੁੱਲਰ, ਜਿਸ ਦੀ ਕੁਝ ਦਿਨ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ, ਨੂੰ ਪਿਛਲੇ ਸਾਲ 12 ਨਵੰਬਰ ਨੂੰ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਰਿਆਣਾ ਦੇ ਗੈਂਗਸਟਰ ਪਵਨ ਨਹਿਰਾ ਦੇ ਕਰੀਬੀ ਤੇ ਗੈਂਗਸਟਰ ਸਾਵਨ ਜੇਡੀ ਨੇ 12 ਨਵੰਬਰ ਦੀ ਰਾਤ ਨੂੰ ਫ਼ਰੀਦਕੋਟ ਵਿੱਚ ਥਾਰ ਜੀਪ ਉਪਰ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਗੁਰਲਾਲ ਸਿੰਘ ਭੁੱਲਰ ਦੇ ਦੋਸਤ ਰਜਤ ਕੁਮਾਰ, ਹਰਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਸਵਾਰ ਸਨ ਪਰ ਇਸ ਜੀਪ ਵਿਚ ਗੁਰਲਾਲ ਨਹੀਂ ਸੀ। ਪੁਲੀਸ ਨੇ ਸਾਵਨ ਨੂੰ ਗੁੜਗਾਉਂ ਜੇਲ੍ਹ ਵਿੱਚੋਂ ਗ੍ਰਿਫ਼ਤਾਰ ਕਰਕੇ ਫ਼ਰੀਦਕੋਟ ਲਿਆਂਦਾ ਹੈ ਅਤੇ ਉਸ ਨੂੰ ਇੱਥੇ ਇਲਾਕਾ ਮੈਜਿਸਟਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ਵਿੱਚ ਪੇਸ਼ ਕਰਕੇ 25 ਫਰਵਰੀ ਤੱਕ ਪੁਲੀਸ ਰਿਮਾਂਡ ਲੈ ਲਿਆ ਹੈ। ਸੂਤਰਾਂ ਅਨੁਸਾਰ ਗੁਰਲਾਲ ਸਿੰਘ ਭੁੱਲਰ ਦੀ ਮੌਤ ਗੈਂਗਵਾਰ ਦਾ ਸਿੱਟਾ ਹੈ।