ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਰਸਮੀ ਤੌਰ ਉਤੇ ਭਾਜਪਾ ਦਾ ਅਟੁੱਟ ਹਿੱਸਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਅਤੇ ਅਮਰਿੰਦਰ ਸਿੰਘ ਨੇ ਨਾ ਸਿਰਫ ਕਾਂਗਰਸ ਪਾਰਟੀ ਸਗੋਂ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਤੇ ਸਮੁੱਚੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਦੇ ਪਾਲੇ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਦੀ ਕੁਰਬਾਨੀ ਨੂੰ ਵੀ ਭੁਲਾ ਦਿੱਤਾ ਜਿਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਈਆਂ ਹਨ। ਰੰਧਾਵਾ ਨੇ ਕਿਹਾ,‘‘ਭਾਜਪਾ ਦੇ ਰੰਗ ਵਿੱਚ ਰੰਗਿਆ ਸਾਡਾ ਸਾਬਕਾ ਮੁੱਖ ਮੰਤਰੀ ਜਿਸ ਤਰ੍ਹਾਂ ਬੀਐੱਸਐੱਫ ਜ਼ਰੀਏ ਅੱਧੇ ਪੰਜਾਬ ਉਤੇ ਕਬਜ਼ਾ ਕਰਨ ਦੇ ਫੈਸਲੇ ਦੀ ਖੁੱਲ੍ਹ ਕੇ ਹਮਾਇਤ ਕਰ ਰਿਹਾ ਹੈ, ਉਸ ਤੋਂ ਜੱਗ ਜ਼ਾਹਰ ਹੈ ਕਿ ਹੁਣ ਉਸ ਨੂੰ ਨਿੱਜੀ ਹਿੱਤ ਪਿਆਰੇ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਆਪਣੀ ਸਾਰੀ ਉਮਰ ਦੀ ਖੱਟੀ ਕਮਾਈ ਖੂਹ ਵਿੱਚ ਪਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਦਿੱਤੇ ਜਾ ਰਹੇ ਤਰਕ ਵੀ ਉਸ ਦੇ ਫੈਸਲੇ ਨੂੰ ਸਹੀ ਸਿੱਧ ਨਹੀਂ ਕਰਦੇ। ਉਹ ਕਹਿ ਰਹੇ ਹਨ ਕਿ ਡਰੋਨ 30 ਕਿਲੋਮੀਟਰ ਤੱਕ ਆ ਸਕਦੇ ਹਨ, ਫੇਰ ਤਾਂ ਇਸ ਲਿਹਾਜ਼ ਨਾਲ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਤਾਂ 200 ਕਿਲੋਮੀਟਰ ਤੱਕ ਵੀ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਦੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲੱਗਿਆਂ ਇਹ ਵੀ ਨਹੀਂ ਸੋਚਿਆ ਕਿ ਉਸ ਦੇ ਬਿਆਨ ਨਾਲ ਸੂਬੇ ਦੀ ਪੁਲੀਸ ਫੋਰਸ ਦਾ ਮਨੋਬਲ ਡਿੱਗੇਗਾ ਜਿਸ ਫੋਰਸ ਦਾ ਉਹ ਸਾਢੇ 9 ਸਾਲ ਗ੍ਰਹਿ ਮੰਤਰੀ ਰਿਹਾ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਾਰੇ ਅਤੇ ਹੰਭੇ ਹੋਏ ਸਿਆਸਤਦਾਨ ਵਾਂਗ ਬਿਆਨ ਦੇ ਰਿਹਾ ਹੈ ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।