ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਨਵੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਪੰਜਾਬ ਦੀਆਂ ਸਮੂੂਹ ਤਰਕਸ਼ੀਲ ਇਕਾਈਆਂ ਦੇ ਆਗੂਆਂ ਅਤੇ ਮੈਂਬਰਾਂ ਸਣੇ ਦੇਸ਼ ਵਿਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ, ਵਿਦਵਾਨਾਂ, ਕਵੀਆਂ, ਰੰਗ ਕਰਮੀਆਂ, ਜਮਹੂਰੀ ਕਾਮਿਆਂ ਅਤੇ ਸਮੂਹ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 7 ਤੋਂ 9 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਪਰਿਵਾਰਾਂ ਅਤੇ ਸੰਗੀ ਸਾਥੀਆਂ ਸਣੇ ਪਹੁੰਚਣ। ਤਰਕਸ਼ੀਲ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ, ਬਲਬੀਰ ਲੌਂਗੋਵਾਲ, ਜੋਗਿੰਦਰ ਕੁੱਲੇਵਾਲ, ਜਸਵਿੰਦਰ ਫਗਵਾੜਾ, ਰਾਮ ਸਵਰਨ ਲੱਖੇਵਾਲੀ ਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਵਿਚਾਰਾਂ ਦੀ ਅਹਿਮ ਕੜੀ ਵਜੋਂ 8 ਨਵੰਬਰ ਦੁਪਹਿਰ 2 ਵਜੇ ਬੌਧਿਕ ਵਿਚਾਰ ਚਰਚਾ ਹੋਵੇਗੀ, ਜਿਸ ਨੂੰ ਵਿਦਵਾਨ ਅਤੇ ਸਮਾਜਿਕ ਕਾਰਕੁਨ ਪ੍ਰੋ. ਅਪੂਰਵਾਨੰਦ ਅਤੇ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਸੰਬੋਧਨ ਕਰਨਗੇ। ਇਸੇ ਦਿਨ ਸ਼ਾਮ 7 ਵਜੇ ਫਿਲਮਸਾਜ਼ ਸੰਜੇ ਕਾਕ ਅਤੇ ਆਨੰਦ ਪਟਵਰਧਨ ਵੱਲੋਂ ਨਿਰਦੇਸ਼ਿਤ ਫਿਲਮ ਸ਼ੋਅ ਵਿਖਾਏ ਜਾਣਗੇ। 9 ਨਵੰਬਰ ਨੂੰ ਸਵੇਰੇ 10 ਵਜੇ ਝੰਡੇ ਦੇ ਗੀਤ ਦੀ ਪੇਸ਼ਕਾਰੀ ਤੋਂ ਬਾਅਦ ਬੁੱਧੀਜੀਵੀ ਤੇ ਸਾਹਿਤਕਾਰ ਅਰੁੰਧਤੀ ਰਾਏ ਅਤੇ ਨਿਊਜ਼ਕਲਿਕ ਮੀਡੀਆ ਦੇ ਸੰਸਥਾਪਕ ਸੰਪਾਦਕ ਪ੍ਰਬੀਰ ਪੁਰਕਾਇਸਥ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਟਾਲ ਅਤੇ ਤਰਕਸ਼ੀਲ ਸਾਹਿਤ ਵੈਨ ਮੇਲੇ ਵਿੱਚ ਵਿਸ਼ੇਸ਼ ਆਕਰਸ਼ਨ ਹੋਣਗੇ, ਉਥੇ ਹੀ ਕੁਇਜ਼, ਪੇਂਟਿੰਗ ਮੁਕਾਬਲੇ, ਕਵੀ ਦਰਬਾਰ, ਫਿਲਮ, ਗੀਤ ਸੰਗੀਤ, ਇਨਕਲਾਬੀ ਗਾਇਕੀ ਸਣੇ 9 ਨਵੰਬਰ ਦੀ ਸਾਰੀ ਰਾਤ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ।