ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਗਸਤ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਮਾਨਸਾ ਵਿੱਚ ਦੋ ਰੋਜ਼ਾ ਸੂਬਾ ਪੱਧਰੀ ਡੈਲੀਗੇਟ ਇਜਲਾਸ ਦੌਰਾਨ ਅੱਜ ਬੂਟਾ ਸਿੰਘ ਬੁਰਜਗਿੱਲ ਨੂੰ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਚੋਣ ਵਿੱਚ ਜਗਮੋਹਨ ਸਿੰਘ ਪਟਿਆਲਾ ਨੂੰ ਸੂਬਾ ਜਨਰਲ ਸਕੱਤਰ, ਗੁਰਮੀਤ ਸਿੰਘ ਭੱਟੀਵਾਲ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਰਾਮ ਸਿੰਘ ਮਟੋਰੜਾ ਨੂੰ ਸੂਬਾ ਖਜ਼ਾਨਚੀ, ਇੰਦਰਪਾਲ ਸਿੰਘ ਨੂੰ ਸੂਬਾ ਪ੍ਰੈੱਸ ਸਕੱਤਰ, ਰਾਜਵੀਰ ਸਿੰਘ ਘੁਡਾਨੀ ਨੂੰ ਸੂਬਾ ਮੀਤ ਪ੍ਰਧਾਨ, ਲਛਮਣ ਸਿੰਘ ਚੱਕ ਅਲੀਸ਼ੇਰ ਨੂੰ ਸੂਬਾ ਕਮੇਟੀ ਮੈਂਬਰ, ਐਡਵੋਕੇਟ ਬਲਵੀਰ ਕੌਰ ਨੂੰ ਇਸਤਰੀ ਵਿੰਗ ਦੀ ਸੂਬਾ ਕਨਵੀਨਰ ਤੇ ਦਲਜਿੰਦਰ ਸਿੰਘ ਨੂੰ ਸੂਬਾ ਸਹਿ ਖਜ਼ਾਨਚੀ ਚੁਣਿਆ ਗਿਆ। ਚੋਣ ਇਜਲਾਸ ਤੋਂ ਪਹਿਲਾਂ ਮਨੋਰਥ ਪੱਤਰ ਅਤੇ ਵਿਧਾਨ ਦਾ ਖਰੜਾ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੇਸ਼ ਕੀਤਾ।
ਇਸ ਤੋਂ ਬਾਅਦ ਰਾਜ ਦੇ 17 ਜ਼ਿਲ੍ਹਿਆਂ ਵਿੱਚੋਂ ਆਏ ਡੈਲੀਗੇਟਾਂ ਨੇ ਇਨ੍ਹਾਂ ਦੋਨੋਂ ਦਸਤਾਵੇਜ਼ਾਂ ਅਤੇ ਕੱਲ੍ਹ ਪੇਸ਼ ਕੀਤੀ ਗਈ ਕਾਰਗੁਜ਼ਾਰੀ ਰਿਪੋਰਟ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 100 ਤੋਂ ਵੱਧ ਡੈਲੀਗੇਟਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਕਿਸਾਨੀ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਜਿਸ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ ਅਤੇ ਪਾਣੀ ਦੇ ਮੁੱਦਿਆਂ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਲਈ ਕੇਦਰ ਸਰਕਾਰ ਨੂੰ ਵਿਸ਼ੇਸ਼ ਆਰਥਿਕ ਪੈਕੇਜ ਲੈਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਾਰੀਆਂ ਫਸਲਾਂ ’ਤੇ ਲੈਣ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲਖਮੀਰਪੁਰ ਖੀਰੀ ਦੇ ਕਿਸਾਨਾਂ ਦੀ ਹੱਤਿਆ ਕਰਨ ਵਾਲੇ ਭਾਜਪਾ ਦੇ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿਵਾਉਣ ਲਈ ਵੀ ਸੰਘਰਸ਼ ਵਿੱਢਿਆ ਜਾਵੇਗਾ।