ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਸਤੰਬਰ
ਉੱਘੇ ਇਨਕਲਾਬੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦਾ ਜੱਦੀ ਘਰ ਸੰਭਾਲਣ ਲਈ ਝੰਡਾ ਚੁੱਕਣ ਵਾਲੀਆਂ ਜਥੇਬੰਦੀਆਂ ਵੱਲੋਂ ਅੱਜ ਇਥੇ ਵਿਰਸਾ ਵਿਹਾਰ ਕੇਂਦਰ ਵਿੱਚ ਉਨ੍ਹਾਂ ਦਾ 93ਵਾਂ ਜਨਮ ਦਿਨ ਮਨਾਉਂਦਿਆਂ ਉਨ੍ਹਾਂ ਦੀ ਵਿਚਾਰਧਾਰਾ, ਯਾਦਾਂ ਅਤੇ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੱਤਾ ਗਿਆ।
ਵਿਰਸਾ ਵਿਹਾਰ ਕੇਂਦਰ ਵਿੱਚ ਅੱਜ ਪੰਜਾਬ ਸੰਗੀਤ ਨਾਟਕ ਅਕਾਦਮੀ, ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ‘ਗੁਰਸ਼ਰਨ ਸਿੰਘ ਦੇ ਰੰਗਮੰਚ ਨਾਲ ਸਰੋਕਾਰ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਉਪਰੰਤ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਅਤੇ ਡਾ. ਸਵਰਾਜਬੀਰ ਦਾ ਲਿਖਿਆ ਪੰਜਾਬੀ ਨਾਟਕ ‘ਅਦਾਕਾਰ-ਆਦਿ ਅੰਤ ਕੀ ਸਾਖੀ’ ਖੇਡਿਆ ਗਿਆ। ਸ਼ਾਮ ਵੇਲੇ ਕਲਾਕਾਰਾਂ, ਲੇਖਕਾਂ ਤੇ ਪਤਵੰਤਿਆਂ ਨੇ ਮਰਹੂਮ ਕਲਾਕਾਰ ਦੇ ਜੱਦੀ ਘਰ ਵਿੱਚ ਮੋਮਬੱਤੀਆ ਜਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੁੱਧੀਜੀਵੀਆਂ ਵੱਲੋਂ ਇਸ ਘਰ ਨੂੰ ਵਿਰਾਸਤ ਵਜੋਂ ਸੰਭਾਲਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਲਾਕਾਰਾਂ, ਲੇਖਕਾਂ, ਵਿਦਿਆਰਥੀਆਂ ਤੇ ਕਿਸਾਨਾਂ-ਮਜ਼ਦੂਰਾਂ ਨੇ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਸ ਵੇਲੇ ਦੀਆਂ ਕੁਝ ਘਟਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਇੱਕ ਅਣਥਕ ਅਤੇ ਹਰ ਸਥਿਤੀ ਨਾਲ ਜੂਝਣ ਵਾਲੇ ਸਫ਼ਲ ਕਲਾਕਾਰ ਤੇ ਆਗੂ ਸਨ। ਨਾਟਕਕਾਰ ਪ੍ਰੋ. ਸ਼ਮਸੁਲ ਇਸਲਾਮ ਨੇ ਕਿਹਾ ਕਿ ਸਿਆਸਤ ਰਾਹੀਂ ਲੋਕਾਂ ’ਤੇ ਕਬਜ਼ਾ ਕਰਨ ਦੀ ਨੀਯਤ ਨਾਲ ਧਰਮ ਨੂੰ ਉਭਾਰ ਕੇ ਆਵਾਮ ਨੂੰ ਪਿਛਾਂਹ ਧੱਕਿਆ ਜਾ ਰਿਹਾ ਹੈ। ਸਿੱਖਿਆ ਤੇ ਸਿਹਤ ਸਹੂਲਤਾਂ ਲੋਕਾਂ ਤੋਂ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ੁਲਮ ਖ਼ਿਲਾਫ਼ ਇਕੱਠੇ ਹੋ ਕੇ ਲੜਨਾ ਸਮੇਂ ਦੀ ਮੁੱਖ ਲੋੜ ਹੈ। ਪਲਸ ਮੰਚ ਦੇ ਪ੍ਰਧਾਨ ਕਾ. ਅਮੋਲਕ ਸਿੰਘ ਨੇ ਕਿਹਾ ਕਿ ਅੱਜ ਲੋੜ ਹੈ ਕਿ ਰੰਗਕਰਮੀ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਲੋੜਾਂ ਤੇ ਹੱਕਾਂ ਦੀ ਗੱਲ ਕਰਨ। ਉਨ੍ਹਾਂ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਲੋਕਾਂ ਦਾ ਸੂਹਾ ਸੂਰਜ ਸਨ, ਜੋ ਕਦੇ ਅਸਤ ਨਹੀਂ ਹੋਵੇਗਾ। ਅਜਿਹੇ ਰੰਗਕਰਮੀ ਦੀਆਂ ਰਾਹਾਂ ਨੂੰ ਸਾਂਭਣਾ ਸਾਡੀ ਵੱਡੀ ਜ਼ਿੰਮੇਵਾਰੀ ਹੈ।
ਪ੍ਰਿੰ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੀ ਸੋਚ ਮਾਨਵਤਾਵਾਦੀ ਸੀ ਤੇ ਉਹ ਲੋਕਾਂ ਦੇ ਦੁੱਖ-ਦਰਦ ਨੂੰ ਸਮਝ ਲੈਂਦੇ ਸਨ। ਨਾਟਕਕਾਰ ਜਤਿੰਦਰ ਬਰਾੜ ਨੇ ਭਾਅ ਜੀ ਨੂੰ ਆਪਣਾ ਰਾਹ ਦਸੇਰਾ ਦੱਸਿਆ, ਜਿਨ੍ਹਾਂ ਹਮੇਸ਼ਾ ਇਹ ਨਸੀਹਤ ਦਿੱਤੀ ਕਿ ਬੇਸ਼ੱਕ ਤੁਸੀਂ ਚੰਨ ’ਤੇ ਪੁੱਜ ਜਾਓ, ਪਰ ਪੁੱਟਪਾਥ ’ਤੇ ਖੜ੍ਹੇ ਲੋਕਾਂ ਦਾ ਖ਼ਿਆਲ ਨਹੀਂ ਭੁੱਲਣਾ ਚਾਹੀਦਾ। ਡਾ. ਪਰਮਿੰਦਰ ਨੇ ਕਿਹਾ ਕਿ ਦੁਨੀਆ ਭਰ ਵਿੱਚ ਫਾਸ਼ੀਵਾਦੀ ਲਹਿਰ ਖ਼ਿਲਾਫ਼ ਲੜਨ ਵਾਲੇ ਚੋਟੀ ਦੇ ਕਲਾਕਾਰਾਂ ਵਿੱਚ ਭਾਅ ਜੀ ਦਾ ਨਾਮ ਲਿਆ ਜਾਂਦਾ ਹੈ। ਇਸ ਲਈ ਉਨ੍ਹਾਂ ਦੀ ਵਿਚਾਰਧਾਰਾ ਤੇ ਵਿਰਾਸਤ ਨੂੰ ਸੰਭਾਲਣ ਲਈ ਲਹਿਰ ਉਸਾਰਨੀ ਚਾਹੀਦੀ ਹੈ। ਇਸ ਮੌਕੇ ਇਕ ਮਤਾ ਪੇਸ਼ ਕਰਕੇ ਭਾਅ ਜੀ ਦੇ ਘਰ ਦੀ ਰਾਖੀ ਕੀਤੀ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਡਾ. ਅਰੀਤ ਕੌਰ, ਡਾ. ਨਵਸ਼ਰਨ, ਅਨੀਤਾ ਸ਼ਬਦੀਸ਼, ਪਡਿੰਤ ਕ੍ਰਿਸ਼ਨ ਦਵੇਸਰ, ਕੁਲਵੰਤ ਸਿੰਘ, ਕੁਲਜੀਤ ਵੇਰਕਾ, ਪ੍ਰੋ. ਨੀਲਿਮਾ, ਅਨੀਤਾ ਦੇਵਗਨ, ਡਾ. ਬਲਜੀਤ ਢਿੱਲੋਂ, ਭੂਪਿੰਦਰ ਸੰਧੂ ਤੇ ਰਮੇਸ਼ ਯਾਦਵ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਿਰਦੇਪਾਲ ਸਿੰਘ, ਮੈਡਮ ਪਰਵੀਨ, ਪਵਨਦੀਪ, ਅਰਤਿੰਦਰ ਸੰਧੂ, ਗੁਲਸ਼ਨ ਸ਼ਰਮਾ, ਸੁਰੇਸ਼ ਸ਼ਰਮਾ, ਹਰਿੰਦਰ ਸੋਹਲ, ਸਰਬਜੀਤ ਲਾਡਾ, ਗੁਰਤੇਜ ਮਾਨ, ਯਸ਼ਪਾਲ ਝਬਾਲ, ਅਰਵਿੰਦਰ ਸਿੰਘ ਚਮਕ ਤੇ ਵੱਡੀ ਗਿਣਤੀ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਮੈਂਬਰ ਹਾਜ਼ਰ ਸਨ।