ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 28 ਅਗਸਤ
ਅੱਜ ਪੰਜਾਬ ਅਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸਾਂਝੇ ਤੌਰ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਟੀਮ ਦੀ ਬਹਾਲੀ, ਆਊਟਸੋਰਸਿੰਗ ਸਿਸਟਮ ਨੂੰ ਬੰਦ ਕਰਨ ਸਣੇ ਕਈ ਮੰਗਾਂ ਲਈ ਕੀਤਾ ਗਿਆ। ਇਸ ਤੋਂ ਪਹਿਲਾਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਪਿੰਡ ਢੇਰ ਦੇ ਬੱਸ ਸਟੈਂਡ ਵਿਖੇ ਇਕੱਠੇ ਹੋਏ, ਜਿਸ ਉਪਰੰਤ ਉਨ੍ਹਾਂ ਵੱਲੋਂ ਪਿੰਡ ਗੰਭੀਰਪੁਰ ਲਈ ਪੈਦਲ ਮੁਜ਼ਾਹਰਾ ਆਰੰਭ ਕੀਤਾ ਗਿਆ। ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਨਾ ਪੈਦਾ ਹੋਵੇ, ਜਿਸ ਲਈ ਪੰਜਾਬ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਨੂੰ ਜਾਣ ਵਾਲੇ ਰਸਤੇ ਤੇ ਬੈਰੀਕੇਡ ਲਗਾ ਕੇ ਇਨ੍ਹਾਂ ਜਥੇਬੰਦੀਆਂ ਨਾਲ ਸਬੰਧਤ ਮੁਲਾਜ਼ਮਾਂ ਨੂੰ ਪਿੱਛੇ ਹੀ ਰੋਕ ਦਿੱਤਾ। ਮੁਲਾਜ਼ਮ ਜਥੇਬੰਦੀਆਂ ਨੇ ਬੈਰੀਕੇਡ ਦੇ ਨਜ਼ਦੀਕ ਹੀ ਧਰਨਾ ਲਗਾ ਲਿਆ। ਇਸ ਮੌਕੇ ਜੀਟੀਯੂ ਦੇ ਪ੍ਰਧਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਦਰਸ਼ਨ ਸਿੰਘ ਬੜਵਾ ਪ੍ਰਧਾਨ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਥਰਮਲ ਪਲਾਂਟ ਯੂਨੀਅਨ ਦੇ ਪ੍ਰਧਾਨ ਰਮੇਸ਼ ਧੀਮਾਨ, ਮਨਜੀਤ ਸਿੰਘ ਸਟੇਟ ਲੀਡਰ ਵੱਲੋਂ ਸੰਬੋਧਨ ਕੀਤਾ ਗਿਆ। ਇਸ ਸਮੇਂ ਮਿੱਡ-ਡੇ ਮੀਲ ਮੁਲਾਜ਼ਮ ਯੂਨੀਅਨ, ਵਾਟਰ ਸਪਲਾਈ ਯੂਨੀਅਨ ਦੇ ਆਗੂ ਵੀ ਹਾਜ਼ਰ ਸਨ। ਭਾਵੇਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੀ ਰਿਹਾਇਸ਼ ’ਤੇ ਹਾਜ਼ਰ ਨਹੀਂ ਸਨ ਪਰ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣਾ ਮੰਗ ਪੱਤਰ ਸ੍ਰੀ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਨੂੰ ਦਿੱਤਾ ਗਿਆ।