ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੁਲਾਈ
ਸਿੱਧੂ ਸਿੰਘ ਮੂਸੇਵਾਲਾ ਹੱਤਿਆਕਾਂਡ ਮਾਮਲੇ ’ਚ ਪੰਜਾਬ ਪੁਲੀਸ ਨੇ ਅੱਜ ਦਿੱਲੀ ਤੋਂ ਦੋ ਮੁਲਜ਼ਮਾਂ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਕਿਤ ਸਭ ਤੋਂ ਛੋਟੀ ਉਮਰ ਦਾ ਸ਼ੂਟਰ ਹੈ ਤੇ ਉਸ ਨੇ ਮੂਸੇਵਾਲਾ ਦੇ ਕਥਿਤ ਤੌਰ ’ਤੇ ਸਭ ਤੋਂ ਨੇੜੇ ਤੋਂ ਗੋਲੀਆਂ ਚਲਾਈਆਂ ਸਨ। ਦੋਵੇਂ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਸਨ, ਜਿਸ ਨੇ ਉਨ੍ਹਾਂ ਨੂੰ ਵੱਖਰੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਅੱਜ ਪੰਜਾਬ ਪੁਲੀਸ ਨੇ ਦਿੱਲੀ ਵਿੱਚ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਵੀ ਲੈ ਲਿਆ। ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਹ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ। ਇਸ ਲਈ ਉਨ੍ਹਾਂ ਤੋਂ ਪੁੱਛ ਪੜਤਾਲ ਦੀ ਲੋੜ ਹੈ।
ਪੰਜਾਬ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ। ਟਰਾਂਜ਼ਿਟ ਰਿਮਾਂਡ ਦੌਰਾਨ ਮੁਲਜ਼ਮ ਸਚਿਨ ਚੌਧਰੀ ਅਤੇ ਅੰਕਿਤ ਸੇਰਸਾ ਦੀ ਸੁਰੱਖਿਆ ਲਈ ਪੁਖ਼ਤਾ ਕਦਮ ਚੁੱਕੇ ਗਏ ਹਨ ਅਤੇ 36 ਹਥਿਆਰਬੰਦ ਪੁਲੀਸ ਮੁਲਾਜ਼ਮਾਂ ਦੀ ਟੀਮ ਅਤੇ ਕੁੱਲ ਛੇ ਵਾਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਤੱਕ ਸੁਰੱਖਿਅਤ ਪਹੁੰਚਾਇਆ ਜਾ ਸਕੇ। ਦੋਹਾਂ ਨੂੰ ਪੰਜਾਬ ਪੁਲੀਸ ਦੇ ਅਧਿਕਾਰੀ ਮਾਨਸਾ ਲਈ ਲੈ ਕੇ ਚੱਲ ਪਏ ਹਨ ਅਤੇ ਉਨ੍ਹਾਂ ਨੂੰ ਦੇਰ ਸ਼ਾਮ ਜਾਂ ਭਲਕੇ ਜਲਦੀ ਸਵੇਰੇ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।