ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਸਤੰਬਰ
ਪੰਜਾਬ ਕਲਾ ਪਰਿਸ਼ਦ ਵੱਲੋਂ ਮਹਾਨ ਪੰਜਾਬੀ ਕਿੱਸਾਕਾਰ ਸੱਯਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਮੌਕੇ ਆਨਲਾਈਨ ‘ਹੀਰ ਵਾਰਿਸ ਗਾਇਨ ਮੁਕਾਬਲਾ’ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ 35 ਸਾਲ ਤੱਕ ਦੀ ਉਮਰ ਵਾਲਾ ਕੋਈ ਵੀ ਗਾਇਕ ਹਿੱਸਾ ਲੈ ਸਕਦਾ ਹੈ। ਇਹ ਜਾਣਕਾਰੀ ਅੱਜ ਇਥੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਦਿੱਤੀ। ਉਨ੍ਹਾਂ ਦੇ ਨਾਲ ਪਰਿਸ਼ਦ ਦੇ ਉੱਪ ਚੇਅਰਮੈਨ ਡਾ. ਯੋਗਰਾਜ, ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਤੇ ਮੁਕਾਬਲੇ ਦੇ ਕਨਵੀਨਰ ਡਾ. ਨਿਰਮਲ ਜੋੜਾ ਵੀ ਹਾਜ਼ਰ ਸਨ। ਸ੍ਰੀ ਪਾਤਰ ਨੇ ਦੱਸਿਆ ਕਿ ਦੁਨੀਆ ਭਰ ਵਿੱਚੋਂ ਕੋਈ ਵੀ ਗਾਇਕ ਹੀਰ ਵਾਰਿਸ ਦੇ ਕਿਸੇ ਵੀ ਬੰਦ ਦੀ ਰਿਕਾਰਡਿੰਗ ਕਰਕੇ 31 ਅਕਤੂਬਰ ਤੱਕ ‘punjabarts28@gmail.com’ ’ਤੇ ਭੇਜ ਸਕਦਾ ਹੈ। ਇਹ ਵੀਡੀਓ ਰਿਕਾਰਡਿੰਗ ਵੱਧ ਤੋਂ ਵੱਧ ਪੰਜ ਮਿੰਟ ਤੱਕ ਦੀ ਹੋਣੀ ਚਾਹੀਦੀ ਹੈ। ਇਨ੍ਹਾਂ ਰਿਕਾਰਡਿੰਗਜ਼ ਵਿੱਚੋਂ ਪਹਿਲੇ ਦਸ ਸਥਾਨ ਹਾਸਲ ਕਰਨ ਵਾਲੇ ਗਾਇਕਾਂ ਦਾ ਪਰਿਸ਼ਦ ਵੱਲੋਂ ਕਰਵਾਏ ਜਾਣ ਵਾਲੇ ਇੱਕ ਸੂਬਾ ਪੱਧਰੀ ਸਮਾਗਮ ਵਿੱਚ ਸਨਮਾਨ ਕੀਤਾ ਜਾਵੇਗਾ। ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ ਇਕ ਲੱਖ, ਪੰਜਾਹ ਹਜ਼ਾਰ ਅਤੇ ਤੀਹ ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਸ੍ਰੀ ਪਾਤਰ ਨੇ ਦੱਸਿਆ ਕਿ ਹੋਰ ਜਾਣਕਾਰੀ ਲਈ ਇਸ ਮੁਕਾਬਲੇ ਦੇ ਕਨਵੀਨਰ ਡਾ. ਨਿਰਮਲ ਜੌੜਾ ਨਾਲ 98140-78799 ’ਤੇ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨਾਲ 94174-21700 ’ਤੇ ਸੰਪਰਕ ਕੀਤਾ ਜਾ ਸਕਦਾ ਹੈ।