ਕੁਲਦੀਪ ਸਿੰਘ
ਚੰਡੀਗੜ੍ਹ, 18 ਅਕਤੂਬਰ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਅਣਦੇਖੀ ਕਾਰਨ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਖਿਲਾਫ਼ ਲੜੀਵਾਰ ਰੋਸ ਰੈਲੀਆਂ ਦਾ ਐਲਾਨ ਕੀਤਾ ਹੈ। 22 ਅਕਤੂਬਰ ਨੂੰ ਮਿਨੀ ਸਕੱਤਰੇਤ ਵਿੱਚ ਪਹਿਲੀ ਰੈਲੀ ਕੀਤੀ ਜਾਵੇਗੀ। ਇਸ ਸਬੰਧੀ ਸਮੂਹ ਡਾਇਰੈਕਟੋਰੇਟਸ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਦੀ ਮੀਟਿੰਗ ਸੈਕਟਰ-17 ਵਿੱਚ ਹੋਈ। ਦਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਨ ਤੇ ਹੋਰ ਮੰਗਾਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਰੋਸ ਰੈਲੀਆਂ ਦੀ ਲੜੀ ਵਜੋਂ 22 ਅਕਤੂਬਰ ਨੂੰ ਮਿਨੀ ਸਕੱਤਰੇਤ, 23 ਅਕਤੂਬਰ ਨੂੰ ਸੈਕਟਰ-34 ਅਤੇ 24 ਅਕਤੂਬਰ ਨੂੰ ਸੈਕਟਰ-17 ਵਿੱਚ ਉਦਯੋਗ ਵਿਭਾਗ ਦੇ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 25 ਅਕਤੂਬਰ ਨੂੰ ਸੈਕਟਰ 39-ਸੀ ਸਥਿਤ ਅਨਾਜ ਭਵਨ ’ਚ ਰੈਲੀ ਕੀਤੀ ਜਾਵੇਗੀ।