ਕੁਲਦੀਪ ਸਿੰਘ
ਚੰਡੀਗੜ੍ਹ, 6 ਅਗਸਤ
ਪੀਐੱਸਆਈਈਸੀ ਸਟਾਫ਼ ਐਸੋਸੀਏਸ਼ਨ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ‘ਆਪ’ ਸਰਕਾਰ ਅਤੇ ਨਿਗਮ ਦੀ ਮੈਨੇਜਮੈਂਟ ਖ਼ਿਲਾਫ਼ 17 ਅਗਸਤ ਨੂੰ ਸੈਕਟਰ-17 ਵਿਚ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰਨ ਦਾ ਐਲਾਨ ਵੀ ਕੀਤਾ ਹੈ। ਐਸੋਸੀਏਸ਼ਨ ਵਿਚ ਪੀਐੱਸਆਈਈਸੀ ਸਟਾਫ਼ ਐਸੋਸੀਏਸ਼ਨ ਦੇ ਸਰਗਰਮ ਮੁਲਾਜ਼ਮ ਆਗੂਆਂ ਦੀਆਂ ਦੂਰ-ਦੁਰਾਡੇ ਕੀਤੀਆਂ ਬਦਲੀਆਂ ਪ੍ਰਤੀ ਰੋਸ ਹੈ। ਜਥੇਬੰਦੀ ਦੇ ਵਾਈਸ ਚੇਅਰਮੈਨ ਜੋਗਿੰਦਰ ਰਾਣਾ, ਮੀਤ ਪ੍ਰਧਾਨ ਹਰਕੇਸ਼ ਰਾਣਾ, ਜਨਰਲ ਸਕੱਤਰ ਤਾਰਾ ਸਿੰਘ ਨੇ ਦੋਸ਼ ਲਾਇਆ ਕਿ ਮੌਜੂਦਾ ਮੈਨੇਜਿੰਗ ਡਾਇਰੈਕਟਰ ਨੂੰ ਮੁਲਾਜ਼ਮ ਸੰਘਰਸ਼ ਮਨਜ਼ੂਰ ਨਹੀਂ ਤੇ ਉਹ ਐਸੋਸੀਏਸ਼ਨ ਨੂੰ ‘ਤੋੜਨਾ’ ਚਾਹੁੰਦੇ ਹਨ। ਬਦਲੀਆਂ ਲਈ 28 ਜੁਲਾਈ ਨੂੰ ਉਦਯੋਗ ਭਵਨ ਦੀ ਕੰਟੀਨ ਵਿੱਚ ਕਰਵਾਏ ਗਏ ‘ਤੀਆਂ ਦੇ ਤਿਉਹਾਰ’ ਪ੍ਰੋਗਰਾਮ ਨੂੰ ਬਹਾਨਾ ਬਣਾਇਆ ਗਿਆ ਹੈ ਜਦਕਿ ਉਨ੍ਹਾਂ ਪ੍ਰੋਗਰਾਮ ਮਨਜ਼ੂਰੀ ਲੈ ਕੇ ਕਰਵਾਇਆ ਸੀ। ਐਸੋਸੀਏਸ਼ਨ ਨੂੰ ਸਮਰਥਨ ਦੇਣ ਪਹੁੰਚੇ ਹੋਰਨਾਂ ਯੂਨੀਅਨਾਂ ਦੇ ਆਗੂਆਂ ਵਿੱਚ ਯੂਟੀ ਐਂਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਸੀਟੂ ਦੇ ਜਨਰਲ ਸਕੱਤਰ ਦਿਨੇਸ਼ ਪ੍ਰਸਾਦ ਜੋਸ਼ੀ, ਰਾਜ ਕੁਮਾਰ ਪ੍ਰਧਾਨ ਡੇਲੀਵੇਜ਼ ਕਰਮਚਾਰੀ ਯੂਨੀਅਨ, ਪੰਜਾਬ ਸਕੂਲ ਸਿੱਖਿਆ ਬੋਰਡ, ਦਲਵਿੰਦਰ ਸਿੰਘ ਪ੍ਰਧਾਨ ਐੱਸਸੀ ਕਾਰਪੋਰੇਸ਼ਨ ਮੁਲਾਜ਼ਮ ਯੂਨੀਅਨ, ਮੇਹਰ ਸਿੰਘ ਪ੍ਰਧਾਨ ਆਊਟਸੋਰਸਿੰਗ ਵਰਕਰਜ਼ ਯੂਨੀਅਨ ਗਮਾਡਾ ਤੇ ਆਸ਼ਾ ਵਰਕਰਜ਼ ਯੂਨੀਅਨ ਦੀ ਪ੍ਰਧਾਨ ਭੁਪਿੰਦਰ ਕੌਰ ਸ਼ਾਮਲ ਸਨ। ਉਨ੍ਹਾਂ ਬਦਲੀਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਜਨਰਲ ਸਕੱਤਰ ਤਾਰਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਤੀਆਂ ਦਾ ਪ੍ਰੋਗਰਾਮ ਕਰਵਾਉਣ ਦਾ ਹਵਾਲਾ ਦੇ ਕੇ ਹੋਈਆਂ ਬਦਲੀਆਂ ਦਾ ਮਾਮਲਾ ਲੈ ਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਕੋਲ ਗਏ ਤਾਂ ਮੈਨੇਜਿੰਗ ਡਾਇਰੈਕਟਰ ਨੇ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕਿਆ।