ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜੂਨ
ਕਰੋਨਾ ਦੇ ਵਧ ਰਹੇ ਕਹਿਰ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਚ ਕਰੋਨਾ ਮਰੀਜ਼ਾਂ ਦਾ ਘੱਟ ਦਰਾਂ ’ਤੇ ਇਲਾਜ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ (ਗੁਰਦੁਆਰਾ ਸ਼ਹੀਦਾਂ) ਨੇੜੇ ਸਥਾਪਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੂੰ ਕਰੋਨਾ ਦੇ ਇਲਾਜ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਹਸਪਤਾਲ ਵਿਚ ਚਲ ਰਹੀ ਜਨਰਲ ਓਪੀਡੀ ਅਤੇ ਹੋਰ ਸਹੂਲਤਾਂ ਨੂੰ ਵੱਲਾ ਸਥਿਤ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਇਸ ਹਸਪਤਾਲ ਵਿਚ ਸਿਰਫ ਕਰੋਨਾ ਪੀੜਤ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨੰਦੇੜ ਤੋਂ ਆਏ 70 ਸ਼ਰਧਾਲੂਆਂ ਦਾ ਇਥੇ ਸ਼੍ਰੋਮਣੀ ਕਮੇਟੀ ਵਲੋਂ ਮੁਫਤ ਇਲਾਜ ਕਰਵਾਇਆ ਜਾ ਚੁੱਕਾ ਹੈ। ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਡੀਨ ਡਾ.ਏ ਪੀ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਥਾਪਤ ਟਰੱਸਟ ਵਲੋਂ ਇਸ ਬਿਮਾਰੀ ਦੇ ਇਲਾਜ ਦਾ ਅੱਧਾ ਖਰਚਾ ਆਪਣੇ ਵਲੋਂ ਕੀਤਾ ਜਾਵੇਗਾ ਜਦੋਂਕਿ ਅੱਧਾ ਖਰਚਾ ਮਰੀਜ਼ ਨੂੰ ਕਰਨਾ ਪਵੇਗਾ। ਇਸ ਵੇਲੇ ਹਸਪਤਾਲ ਵਿਚ ਦੋ ਮਰੀਜ਼ ਜ਼ੇਰੇ ਇਲਾਜ ਹਨ ਅਤੇ ਇਸ ਤੋਂ ਪਹਿਲਾਂ 70 ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ 48 ਕਮਰੇ ਤਿਆਰ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਅੱਠ ਆਈਸੀਯੂ ਵਾਲੀਆਂ ਸਹੂਲਤਾਂ ਤੇ ਬਾਕੀ 40 ਆਕਸੀਜਨ ਤੇ ਹੋਰ ਸਹੂਲਤਾਂ ਨਾਲ ਲੈਸ ਹਨ। ਟਰੱਸਟ ਵਲੋਂ ਦੂਜੇ ਪੜਾਅ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧਣ ’ਤੇ 120 ਕਮਰਿਆਂ ਦਾ ਪ੍ਰਬੰਧ ਕਰਨ ਦੀ ਸਮਰੱਥਾ ਰੱਖੀ ਗਈ ਹੈ। ਉਨ੍ਹਾਂ ਦਸਿਆ ਕਿ ਇਕ ਮਰੀਜ਼ ਦੇ ਇਲਾਜ ਦੌਰਾਨ ਇਕ ਹਫਤੇ ਵਿਚ ਲਗਪਗ ਲੱਖ ਤੋਂ ਸਵਾ ਲੱਖ ਰੁਪਏ ਦਾ ਖਰਚਾ ਆਉਂਦਾ ਹੈ ਜਿਸ ਵਿਚੋਂ ਅੱਧਾ ਖਰਚ ਟਰੱਸਟ ਵਲੋਂ ਕੀਤਾ ਜਾਵੇਗਾ। ਹਸਪਤਾਲ ਦੇ ਹਿੱਸੇ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਕ ਵਿਚ ਕਰੋਨਾ ਦੇ ਸ਼ੱਕੀ ਮਰੀਜ਼ ਅਤੇ ਦੂਜੇ ਪਾਸੇ ਕਰੋਨਾ ਪਾਜ਼ੇਟਿਵ ਮਰੀਜ਼ ਰੱਖੇ ਗਏ ਹਨ। ਸ਼ੱਕੀ ਮਰੀਜ਼ਾਂ ਨੂੰ ਵੀ ਵੱਖ ਵੱਖ ਕਮਰਿਆਂ ਵਿਚ ਰੱਖਿਆ ਗਿਆ ਹੈ ਤਾਂ ਕਿ ਟੈਸਟ ਮਗਰੋਂ ਪਾਜ਼ੇਟਿਵ ਆਉਣ ਤਕ ਉਸ ਕੋਲੋਂ ਹੋਰ ਕਿਸੇ ਨੂੰ ਇਸ ਰੋਗ ਦੀ ਲਾਗ ਨਾ ਲੱਗੇ। ਇਲਾਜ ’ਚ ਦਵਾਈਆਂ ਦਾ ਖਰਚਾ, ਇਲਾਜ ਦਾ ਖਰਚਾ, ਰੋਟੀ-ਪਾਣੀ ਦਾ ਖਰਚਾ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਕ ਹਫਤੇ ਤਕ ਕਰੋਨਾ ਟੈਸਟ ਲਈ ਸੈਂਪਲਾਂ ਦੀ ਜਾਂਚ ਸ਼ੁਰੂ ਹੋ ਜਾਵੇਗੀ।