ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਰ, ਮੈਰਿਜ ਪੈਲੇਸ, ਹੋਟਲ ਅਤੇ ਰੈਸਟੋਰੈਂਟਾਂ ਦੀ ਸਾਲ 2020-21 ਲਈ ਅਪਰੈਲ ਤੋਂ ਸਤੰਬਰ 2020 ਤੱਕ ਦੀ ਸਾਲਾਨਾ ਲਾਇਸੈਂਸ ਫੀਸ ਅਤੇ ਅਪਰੈਲ ਤੋਂ ਜੂਨ ਤੇ ਜੁਲਾਈ ਤੋਂ ਸਤੰਬਰ 2020 ਦੀ ਤਿਮਾਹੀ ਅਨੁਮਾਨਿਤ ਫੀਸ ਮੁਆਫ਼ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਕ ਅਪਰੈਲ ਤੋਂ ਲੈ ਕੇ ਤੀਹ ਸਤੰਬਰ ਤੱਕ ਹੋਟਲਾਂ ਅਤੇ ਰੈਸਟੋਰੈਂਟਾਂ ਵਿਚਲੇ 1065 ਬਾਰ’ਜ਼ ਦੀ ਸਾਲਾਨਾ ਲਾਇਸੈਂਸ ਫੀਸ 50 ਫ਼ੀਸਦ ਮੁਆਫ ਕੀਤੇ ਜਾਣ ਨਾਲ ਖਜ਼ਾਨੇ ਉੱਤੇ 1355.50 ਲੱਖ ਰੁਪਏ ਦਾ ਵਿੱਤੀ ਬੋਝ ਪਵੇਗਾ, ਜੋ ਕਿ 2020-21 ਲਈ ਅਨੁਮਾਨਿਤ ਮਾਲੀਏ ਦਾ ਅੱਧ ਹੈ। ਇਸੇ ਤਰ੍ਹਾਂ ਹੀ ਉਪਰੋਕਤ ਸਮੇਂ ਲਈ ਕੁਲ 2324 ਲਾਇਸੈਂਸੀ ਮੈਰਿਜ ਪੈਲੇਸਾਂ ਦੇ ਸਬੰਧ ਵਿਚ ਇਹ ਵਿੱਤੀ ਬੋਝ 350 ਲੱਖ ਰੁਪਏ ਦਾ ਹੋਵੇਗਾ।