ਨਿੱਜੀ ਪੱਤਰ ਪ੍ਰੇਰਕ
ਮਲੋਟ, 4 ਅਪਰੈਲ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਡਾਕਟਰਾਂ ਵੱਲੋਂ ਲਗਾਤਾਰ ਅਸਤੀਫ਼ੇ ਦਿੱਤੇ ਜਾ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਕੁਝ ਦਿਨ ਪਹਿਲਾਂ ਸਰਕਾਰੀ ਹਸਪਤਾਲ ਮਲੋਟ ਦੇ ਹੱਡੀਆਂ ਦੇ ਮਾਹਿਰ ਇਕਲੌਤੇ ਡਾਕਟਰ ਡਾਕਟਰ ਗੁਰਲਵ ਜੌੜਾ ਨੇ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਅਤੇ ਸੋਮਵਾਰ ਨੂੰ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਗੌਤਮ ਕਾਮਰਾ ਨੇ ਵੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਲੱਛਮੀ ਚਾਵਲਾ ਨੂੰ ਆਪਣਾ ਅਸਤੀਫਾ ਸੌਂਪਿਆ ਹੈ, ਜਿਸ ਦੀ ਪੁਸ਼ਟੀ ਖ਼ੁਦ ਐੱਸਐੱਮਓ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮਲੋਟ ਦਾ ਸਰਕਾਰ ਹਸਪਤਾਲ ਪਹਿਲਾਂ ਹੀ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ, ਤੇ ਉਤੋਂ ਮਾਹਿਰ ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ਕਰਕੇ ਆਮ ਲੋਕਾਂ ਨੂੰ ਬਾਹਰੋਂ ਮਹਿੰਗਾ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਸ਼ਹਿਰ ਦੇ ਆਮ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਡਾਕਟਰਾਂ ਦੇ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਵੇ। ਡਾਕਟਰਾਂ ਦੇ ਅਸਤੀਫਿਆਂ ਦਾ ਕਾਰਨ ਆਮ ਆਦਮੀ ਪਾਰਟੀ ਵੱਲੋਂ ਡਾਕਟਰਾਂ ਦੀ ਕੱਸੀ ਗਈ ਲਗਾਮ ਵੀ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਉਕਤ ਦੋਨਾਂ ਡਾਕਟਰਾਂ ਦੇ ਆਪੋ-ਆਪਣੇ ਨਿੱਜੀ ਹਸਪਤਾਲ ਹਨ।