ਗਗਨਦੀਪ ਅਰੋੜਾ
ਲੁਧਿਆਣਾ, 17 ਜੁਲਾਈ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਜਬਰ-ਜਨਾਹ ਦਾ ਦੋਸ਼ ਲਗਾਉਣ ਵਾਲੀ ਦੂਜੀ ਔਰਤ ਨੇ ਵੀ ਅੱਜ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਪੰਜ ਮਹੀਨੇ ਤੋਂ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਬੈਠੀ ਪਹਿਲੀ ਔਰਤ ਦੀ ਸ਼ਿਕਾਇਤ ’ਤੇ ਲੁਧਿਆਣਾ ਦੀ ਅਦਾਲਤ ਨੇ ਵਿਧਾਇਕ ਬੈਂਸ ਸਮੇਤ ਸੱਤ ਜਣਿਆਂ ’ਤੇ ਜਬਰ-ਜਨਾਹ ਦਾ ਕੇਸ ਦਰਜ ਕੀਤਾ ਸੀ।
ਹੁਣ ਵਿਧਾਇਕ ਬੈਂਸ ’ਤੇ ਕਰੀਬ ਦੋ ਮਹੀਨੇ ਪਹਿਲਾਂ ਜਬਰ-ਜਨਾਹ ਦੇ ਦੋਸ਼ ਲਾਉਣ ਵਾਲੀ ਦੂਜੀ ਔਰਤ ਆਪਣੇ ਸਾਥੀ ਪ੍ਰਿੰਕਲ ਨਾਲ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ ’ਤੇ ਬੈਠੀ ਹੈ। ਪੁਲੀਸ ਅਧਿਕਾਰੀਆਂ ਨੇ ਉਸ ਨੂੰ ਇੱਥੇ ਨਾ ਬੈਠਣ ਦੀ ਅਪੀਲ ਕੀਤੀ ਪਰ ਉਸ ਨੇ ਕਿਹਾ ਕਿ ਜਦੋਂ ਤੱਕ ਵਿਧਾਇਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਭੁੱਖ ਹੜਤਾਲ ਤੋਂ ਨਹੀਂ ਉੱਠੇਗੀ। ਕੁਝ ਸਮੇਂ ਬਾਅਦ ਜੁਆਇੰਟ ਕਮਿਸ਼ਨਰ ਆਫ ਪੁਲੀਸ ਨੇ ਉਸ ਨੂੰ ਬੁਲਾ ਕੇ ਸੱਤ ਦਿਨਾਂ ਵਿੱਚ ਵਿਧਾਇਕ ਬੈਂਸ ਖਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਪ੍ਰਿੰਕਲ ਨੇ ਦੱਸਿਆ ਕਿ ਹੁਣ ਪੁਲੀਸ ਵੱਲੋਂ ਕਾਰਵਾਈ ਲਈ ਇੱਕ ਹਫ਼ਤੇ ਤੋਂ 10 ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਮੁੜ ਭੁੱਖ ਹੜਤਾਲ ’ਤੇ ਬੈਠਣਗੇ।