ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਦਸੰਬਰ
ਸਮਾਜ ਸੇਵੀ ਕਪਿਲ ਅਗਰਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਦਸਤਾਵੇਜ਼ ਅਤੇ ਹੋਰ ਅਹਿਮ ਸਾਮਾਨ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਜੋ ਇਸ ਵੇਲੇ ਬ੍ਰਿਟਿਸ਼ ਲਾਇਬ੍ਰੇਰੀ, ਨੈਸ਼ਨਲ ਆਰਕਾਈਵਜ਼ ਲੰਡਨ, ਬਲੈਕ ਮਿਊਜ਼ੀਅਮ ਆਦਿ ਥਾਵਾਂ ’ਤੇ ਰੱਖਿਆ ਹੋਇਆ ਹੈ। ਇਹ ਪੱਤਰ ਅੱਜ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ। ਇਸ ਪੱਤਰ ਵਿਚ ਸ੍ਰੀ ਅਗਰਵਾਲ ਨੇ ਲਿਖਿਆ ਕਿ ਕੇਂਦਰ ਸਰਕਾਰ ਬ੍ਰਿਟਿਸ਼ ਸਰਕਾਰ ਦੇ ਸਬੰਧਤ ਵਿਭਾਗ ਨਾਲ ਸੰਪਰਕ ਕਰੇ। ਉਨ੍ਹਾਂ ਦੱਸਿਆ ਕਿ ਨੈਸ਼ਨਲ ਆਰਕਾਈਵ ਮਿਊਜ਼ੀਅਮ ਨੇ ਸ਼ਹੀਦ ਨਾਲ ਸਬੰਧਤ ਦਸਤਾਵੇਜ਼ਾਂ ਵਿਚੋਂ ਉਸ ਦੀ ਫਾਂਸੀ ਨਾਲ ਸਬੰਧਤ ਚਾਰ ਫਾਈਲਾਂ ਨੂੰ ਜਨਤਕ ਕਰਨ ਦਾ ਐਲਾਨ ਕੀਤਾ ਹੈ, ਜਿਸ ਨੂੰ ਭਾਰਤ ਲਿਆਉਣ ਮਗਰੋਂ ਕਈ ਭੇਤ ਖੁੱਲ੍ਹਣਗੇ।