ਖੇਤਰੀ ਪ੍ਰਤੀਨਿਧ
ਪਟਿਆਲਾ, 13 ਸਤੰਬਰ
ਨਵੀਂ ਦਿੱਲੀ ਵਿਚ ਪਾਰਲੀਮੈਂਟ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਦੀ ਨਵੀਂ ਬਣੀ ‘ਸਰਬ ਸਾਂਝੀ ਕੋਆਰਡੀਨੇਸ਼ਨ ਕਮੇਟੀ’ ਨੇ ਐਲਾਨ ਕੀਤਾ ਹੈ ਕਿ ਇਸ ਦੌਰਾਨ ਜਿਸ ਦਿਨ ਵੀ ਖੇਤੀ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਪਾਸ ਕਰਵਾਉਣ ਲਈ ਬਿੱਲ ਲਿਆਂਦਾ ਜਾਵੇਗਾ, ਉਸੇ ਦਿਨ ਕਿਸਾਨ ਕਾਲ਼ੇ ਚੋਗੇ ਪਾ ਕੇ ਪਾਰਲੀਮੈਂਟ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ। ਕਮੇਟੀ ਦੇ ਅਜਿਹੇ ਫੈਸਲੇ ਬਾਰੇ ਇਹ ਜਾਣਕਾਰੀ ਕਮੇਟੀ ਮੈਂਬਰ ਅਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਨੇ ਦਿੱਤੀ। ਮੀਟਿੰਗ ਵਿਚ ਕਮੇਟੀ ਆਗੂਆਂ ਦਾ ਕਹਿਣਾ ਸੀ ਕਿ ਪਾਰਲੀਮੈਂਟ ’ਚ ਖੇਤੀ ਪਿਛੋਕੜ ਵਾਲੇ 200 ਤੋਂ ਵੱਧ ਸੰਸਦ ਮੈਂਬਰ ਹਨ ਜਿਨ੍ਹਾਂ ਨੂੰ ਆਰਡੀਨੈਂਸਾਂ ਸਬੰਧੀ ਮਤੇ ਖ਼ਿਲਾਫ਼ ਵੋਟ ਪਾ ਕੇ ਮੋਦੀ ਦੇ ਕਿਸਾਨ ਮਾਰੂ ਮਨਸੂਬਿਆਂ ਨੂੰ ਅਸਫਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਨਾਲ਼ ਹੀ ਚਿਤਾਵਨੀ ਵੀ ਦਿੱਤੀ ਕਿ ਜੇ ਕਿਸਾਨ ਪੁੱਤ ਸੰਸਦ ਮੈਂਬਰਾਂ ਨੇ ਵੀ ‘ਮੋਦੀ ਪੁੱਤ’ ਬਣਨ ਤੋਂ ਗੁਰੇਜ਼ ਨਾ ਕੀਤਾ ਤਾਂ ਅਜਿਹੇ ਸੰਸਦ ਮੈਂਬਰਾਂ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਵੇੇਗਾ ਕਿਉਂਕਿ ਕਿਸਾਨਾਂ ਦੇ ਅਸਲ ਪੁੱਤ ਉਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦੇਣਗੇ।
ਦਸ ਕਿਸਾਨ ਜਥੇਬੰਦੀਆਂ ਦੀਆਂ ਲਲਕਾਰ ਰੈਲੀਆਂ ਅੱਜ
ਦੇਸ਼ ਦੀਆਂ ਢਾਈ ਸੌ ਕਿਸਾਨ ਜਥੇਬੰਦੀਆਂ ਦੀ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ ਗਿਆ ਹੈ। ਇਸ ਤਹਿਤ ਸੰਗਠਨ ਵਿਚਲੀਆਂ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ, ਅੰਮ੍ਰਿਤਸਰ, ਫਗਵਾੜਾ, ਬਰਨਾਲਾ ਤੇ ਮੋਗਾ ਵਿਚ ਲਲਕਾਰ-ਰੈਲੀਆਂ 14 ਸਤੰਬਰ ਨੂੰ ਕੀਤੀਆਂ ਜਾ ਰਹੀਆਂ ਹਨ ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਇਨ੍ਹਾਂ ਰੈਲੀਆਂ ਦੀ ਅਗਵਾਈ ਡਾ. ਦਰਸ਼ਨਪਾਲ ਪਟਿਆਲਾ, ਬੂਟਾ ਸਿੰਘ ਬੁਰਜਗਿੱਲ, ਨਿਰਭੈ ਸਿੰਘ ਢੁੱਡੀਕੇ, ਡਾ.ਦਰਸ਼ਨਪਾਲ ਆਦਿ ਆਗੂ ਕਰਨਗੇ।