ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਜਾਇਜ਼ਾ ਲੈਣ ਲਈ ਬਣਾਈ ਕਮੇਟੀ ਨੂੰ ਆਗੂਆਂ ਵੱਲੋਂ ਵਡਮੁੱਲੇ ਸੁਝਾਅ ਮਿਲ ਰਹੇ ਹਨ, ਜਿਨ੍ਹਾਂ ’ਤੇ ਸਮੁੱਚੀ ਲੀਡਰਸ਼ਿਪ ਨੂੰ ਗ਼ੌਰ ਕਰਨੀ ਪਵੇਗੀ। ਉਹ ਇੱਥੇ ਇਸਤਰੀ ਅਕਾਲੀ ਦਲ ਦੇ ਕੁਝ ਰੁੱਸੇ ਆਗੂਆਂ ਨੂੰ ਮਨਾਉਣ ਲਈ ਆਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਇਸਤਰੀ ਵਿੰਗ ਦੀ ਵੱਧ ਹਿੱਸੇਦਾਰੀ ਲਾਜ਼ਮੀ ਬਣਾਉਣੀ ਪਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਕਮੇਟੀ ਨੂੰ ਲਾਲ ਕਿਲ੍ਹੇ ’ਤੇ ਗੁਰੂ ਤੇਗ਼ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਲਈ ਸ਼ਸਤਰ ਦੇਣ ਤੋਂ ਇਨਕਾਰ ਕਰਨ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕਮੇਟੀ ਪ੍ਰਧਾਨ ਨੂੰ ਬੇਨਤੀ ਕਰਨਗੇ ਕਿ ਗੁਰੂ ਸਾਹਿਬਾਨ ਦੇ ਸ਼ਸਤਰ ਆਪਣੀ ਗੱਡੀ ਵਿਚ ਸਜਾ ਕੇ ਦਿੱਲੀ ਲਾਲ ਕਿਲ੍ਹੇ ’ਤੇ ਭੇਜੇ ਜਾਣ ਤਾਂ ਜੋ ਸਿੱਖ ਧਰਨ ਨਾਲ ਸਬੰਧਤ ਵਿਰਸਾ ਪ੍ਰਦਰਸ਼ਿਤ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖੀ ਮਸਲਿਆਂ ਬਾਰੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਜਗੀਰ ਕੌਰ ਨੇ ਕਿਹਾ ਕਿ ਉਹ ਆਪਣੇ ਆਲੋਚਕਾਂ ਤੋਂ ਵੀ ਸੁਝਾਅ ਲੈਣਗੇ। ਬੇਸ਼ੱਕ ਉਹ ਆਲੋਚਕ ਉਨ੍ਹਾਂ ਦੇ ਦੁਸ਼ਮਣ ਵੀ ਕਿਉਂ ਨਾ ਹੋਣ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਸਤਵਿੰਦਰ ਸਿੰਘ ਟੌਹੜਾ, ਰਾਜੂ ਖੰਨਾ, ਬੀਬੀ ਸੁਰਜੀਤ ਕੌਰ ਦਿਆਲ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸੁਰਜੀਤ ਸਿੰਘ ਅਬਲੋਵਾਲ ਤੇ ਬਿੱਟੂ ਚੱਠਾ ਹਾਜ਼ਰ ਸਨ।