ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਅਗਸਤ
ਸਿੱਖ ਸਦਭਾਵਨਾ ਦਲ ਨੇ ਅੱਜ ਇੱਥੇ ਪੰਥਕ ਇਕੱਠ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਰਾਮਦਾਸ ਸਰਾਂ ਦੇ ਨਵ-ਨਿਰਮਾਣ ਵਾਲਾ ਮਤਾ ਰੱਦ ਕਰਨ ਅਤੇ ਪ੍ਰਸ਼ਾਸਨ ਨੂੰ ਅਕਾਲ ਤਖਤ ਦੇੇ ਸਕੱਤਰੇਤ ਨੇੜੇ ਚੱਲ ਰਹੇ ਖੁਦਾਈ ਦਾ ਕੰਮ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਖੁਦਾਈ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਦੇ ਕਾਰਕੁਨ ਚਾਰ ਅਗਸਤ ਨੂੰ ਇਹ ਕੰਮ ਬੰਦ ਕਰਵਾਉਣਗੇ।
ਲਾਪਤਾ 328 ਪਾਵਨ ਸਰੂਪਾਂ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਸਿੱਖ ਸਦਭਾਵਨਾ ਦਲ ਵੱਲੋਂ ਵਿਰਾਸਤੀ ਮਾਰਗ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਲਾਏ ਗਏ ਧਰਨੇ ਵਾਲੇ ਸਥਾਨ ਨੇੜੇ ਹੀ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਅੱਜ ਇਹ ਇਕੱਤਰਤਾ ਕੀਤੀ ਗਈ। ਇਸ ਮੌਕੇ ਉਨ੍ਹਾਂ ਮਤਾ ਪਾਸ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਗੁਰੂ ਰਾਮਦਾਸ ਸਰਾਂ ਢਾਹੁਣ ਦੀ ਯੋਜਨਾ ਰੱਦ ਕਰ ਕੇ ਇਸ ਦੀ ਮੁਰੰਮਤ ਕਿਸੇ ਯੋਗ ਵਿਅਕਤੀ ਕੋਲੋਂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਉਹ ਅਜਿਹਾ ਕਰਨ ਵਿਚ ਅਸਮਰਥ ਹਨ ਤਾਂ ਇਹ ਸੇਵਾ ਸਿੱਖ ਸਦਭਾਵਨਾ ਦਲ ਨੂੰ ਸੌਂਪ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ 100 ਸਾਲ ਤੋਂ ਪੁਰਾਣੀ ਅਤੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ ਨਿਸ਼ਾਨੀ ਵਾਲੀ ਕਿਸੇ ਵੀ ਇਮਾਰਤ ਨੂੰ ਢਾਹੁਣ ਨਹੀਂ ਦੇਣਗੇ।
ਇਸੇ ਤਰ੍ਹਾਂ ਉਨ੍ਹਾਂ ਪ੍ਰਸ਼ਾਸਨ ਨੂੰ ਖੁਦਾਈ ਵਾਲੀ ਥਾਂ ’ਤੇ ਚੱਲ ਰਿਹਾ ਕੰਮ ਤੁਰੰਤ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਕੰਮ ਨਾ ਰੋਕਿਆ ਗਿਆ ਤਾਂ ਜਥੇਬੰਦੀ ਦੇ ਕਾਰਕੁਨ ਚਾਰ ਅਗਸਤ ਨੂੰ ਕੰਮ ਰੋਕਣ ਲਈ ਜਾਣਗੇ। ਇਸ ਮੌਕੇ ਬਲਵਿੰਦਰ ਸਿੰਘ, ਬਲਜੀਤ ਸਿੰਘ, ਡਾ. ਪਰਮਜੀਤ ਸਿੰਘ ਐਡਵੋਕੇਟ, ਭਾਈ ਬਚਿੱਤਰ ਸਿੰਘ, ਭਾਈ ਗੁਰਪ੍ਰੀਤ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਕਾਰ ਸੇਵਾ ਵਾਲੇ ਬਾਬਿਆਂ ਦੇ ਬਾਈਕਾਟ ਦਾ ਸੱਦਾ
ਭਾਈ ਵਡਾਲਾ ਨੇ ਸਿੱਖ ਸੰਗਤ ਨੂੰ ਕਾਰ ਸੇਵਾ ਦੇ ਨਾਂ ’ਤੇ ਇਤਿਹਾਸਕ ਇਮਾਰਤਾਂ ਦਾ ਘਾਣ ਕਰਨ ਵਾਲਿਆਂ ਨੂੰ ਦਸਵੰਧ ਦੇਣਾ ਬੰਦ ਕਰਨ ਅਤੇ ਗੁਰੂ ਘਰਾਂ ਵਿਚ ਇਨ੍ਹਾਂ ਵੱਲੋਂ ਮਾਇਕ ਮਦਦ ਲਈ ਰੱਖੀਆਂ ਟੋਕਰੀਆਂ ਚੁਕਵਾਉਣ ਦੀ ਅਪੀਲ ਕੀਤੀ। ਉਨ੍ਹਾਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਬਾਬਾ ਕਸ਼ਮੀਰਾ ਸਿੰੰਘ ਭੂਰੀਵਾਲਿਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।