ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਸਤੰਬਰ
ਭਾਰਤ ਸਰਕਾਰ ਵੱਲੋਂ ਪਾਣੀ ਦੇ ਸੋਮਿਆਂ ਦੀ ਸਹੀ ਸਾਂਭ ਸੰਭਾਲ ਨੂੰ ਉਤਸਾਹਿਤ ਕਰਨ ਲਈ ਚੌਥਾ ਕੌਮੀ ਜਲ ਐਵਾਰਡ ਦਿੱਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਜਲ ਸ਼ਕਤੀ ਵਿਭਾਗ ਵੱਲੋਂ ਪਾਣੀ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਸਬੰਧੀ ਵੱਖ-ਵੱਖ ਕੈਟਾਗਿਰੀਆਂ ਲਈ ਇਹ ਐਵਾਰਡ ਸ਼ੁਰੂ ਕੀਤੇ ਗਏ ਹਨ। ਇਸ ਮੁਹਿੰਮ ਅਧੀਨ ਸਰਵੋਤਮ ਸਕੂਲਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਕੂਲ ਨੂੰ ਦੋ ਲੱਖ ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੇ ਨੂੰ 1.50 ਲੱਖ ਰੁਪਏ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਸਕੂਲ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਇਸ ਐਵਾਰਡ ਨੂੰ ਹਾਸਲ ਕਰਨ ਲਈ 15 ਸਤੰਬਰ 2022 ਤੱਕ ਅਰਜ਼ੀ www.awards.gov.in ’ਤੇ ਭੇਜੀਆਂ ਜਾ ਸਕਦੀਆਂ ਹਨ।