ਚੰਡੀਗੜ੍ਹ, 8 ਨਵੰਬਰ
ਸਰਕਾਰ ਵੱਲੋਂ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਾਮਾਦ ਸਣੇ ਦੋ ਜਣਿਆਂ ਨੂੰ ਸੂਬੇ ਦਾ ਵਧੀਕ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਆਮ ਆਦਮੀ ਪਾਰਟੀ (‘ਆਪ’) ਨੇ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਇੱਕ ਸਰਕਾਰੀ ਹੁਕਮ ਮੁਤਾਬਕ ਤੁਰੰਤ ਪ੍ਰਭਾਵ ਨਾਲ ਐਡਵੋਕੇਟ ਤਰੁਨਵੀਰ ਸਿੰਘ ਲੇਹਲ ਅਤੇ ਮੁਕੇਸ਼ ਚੰਦਰ ਬੇਰੀ ਨੂੰ ਪੰਜਾਬ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਵਧੀਕ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਲੇਹਲ, ਸ੍ਰੀ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਮਾਮਲਿਆਂ ਦਾ ਚਾਰਜ ਵੀ ਹੈ, ਦੇ ਦਾਮਾਦ ਹਨ। ‘ਆਪ’ ਨੇਤਾ ਰਾਘਵ ਚੱਢਾ ਨੇ ਇਸ ਮੁੱਦੇ ਨੂੰ ਲੈ ਕੇ ਸੱਤਾਧਾਰੀ ਕਾਂਗਰਸ ’ਤੇ ਤਨਜ਼ ਕੱਸਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਸਿਰਫ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨੌਕਰੀਆਂ ਦਾ ਲਾਭ ਮਿਲ ਰਿਹਾ ਹੈ। ਚੱਢਾ ਨੇ ਟਵੀਟ ਕੀਤਾ, ‘‘ਕਾਂਗਰਸ ‘ਹਰ ਘਰ ਨੌਕਰੀ’ ਦਾ ਚੋਣ ਵਾਅਦਾ ਪੂਰਾ ਕਰ ਰਹੀ ਹੈ ਪਰ ਮਾਮੂਲੀ ਜਿਹੇ ਸੁਧਾਰ ਨਾਲ। ਇਨ੍ਹਾਂ ਨੌਕਰੀਆਂ ਦੇ ਲਾਭ ਲੈਣ ਵਾਲੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਹਨ। ਸੱਜਰੇ ਲਾਭਪਾਤਰੀ ਉੱਪ ਮੁੱਖ ਮੰਤਰੀ ਰੰਧਾਵਾ ਦੇ ਦਾਮਾਦ ਹਨ। ਚੰਨੀ ਵੀ ਕੈਪਟਨ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।’’ -ਪੀਟੀਆਈ