ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਾਰਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸੋਮਵਾਰ ਨੂੰ ਅੱਠ ਵਿਸ਼ੇਸ਼ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ 2407 ਮਾਸਟਰ ਕਾਡਰ ਮਹਿਲਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ, ਸਾਰੇ ਥਾਣਿਆਂ ’ਤੇ ਔਰਤਾਂ ਲਈ ਸਾਂਝ ਸ਼ਕਤੀ ਹੈਲਪ ਡੈਸਕ ਅਤੇ 181 ਸਾਂਝ ਸ਼ਕਤੀ ਹੈਲਪਲਾਈਨ ਸਥਾਪਤ ਕੀਤੇ ਜਾਣਗੇ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਮਹਿਲਾ ਆਪਰੇਟਰ ਕੰਮ ਕਰਨਗੇ ਤਾਂ ਜੋ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਵੱਲ ਢੁੱਕਦੀ ਪ੍ਰਤੀਕਿਰਿਆ ਦਿੱਤੀ ਜਾ ਸਕੇ। ਮੁੱਖ ਮੰਤਰੀ ਵੱਲੋਂ ਪੰਜਾਬ ਭਵਨ, ਚੰਡੀਗੜ੍ਹ ਤੋਂ ਵਰਚੁਅਲ ਢੰਗ ਨਾਲ ਔਰਤ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਪੰਜਾਬ ਦੇ ਜ਼ਿਲ੍ਹਾ ਹੈਡਕੁਆਟਰਾਂ ਤੇ ਬਲਾਕ ਪੱਧਰ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ।