ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਜੂਨ
ਅੰਮ੍ਰਿਤਸਰ ਪੁਲੀਸ ਦੇ ਇਕ ਕਰਮਚਾਰੀ ਨੇ ਵਾਹਨ ਦੇ ਬੰਪਰ ਵਿੱਚ ਫਸੇ ਇਕ ਕੁੱਤੇ ਦੀ ਜਾਨ ਬਚਾਈ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੰਜਾਬ ਪੁਲੀਸ ਦੇ ਹੈਡ ਕਾਂਸਟੇਬਲ ਪਲਵਿੰਦਰ ਸਿੰਘ ਵਲੋਂ ਜੀਪ ਦੇ ਅਗਲੇ ਹਿੱਸੇ ਦੇ ਬੰਪਰ ਵਿੱਚ ਫੱਸੇ ਇੱਕ ਕੁੱਤੇ ਦੀ ਗਰਦਨ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਕੁੱਤੇ ਦੀ ਗਰਦਨ ਲਹੂ-ਲੁਹਾਣ ਹੈ। ਇਹ ਸਿਪਾਹੀ ਆਪਣੇ ਰੁਮਾਲ ਦੀ ਵਰਤੋਂ ਨਾਲ ਕੁੱਤੇ ਦੀ ਗਰਦਨ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਯਤਨ ਕਰਦਾ ਹੈ ਅਤੇ ਇਸ ਵਿੱਚ ਸਫਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਕੁੱਤਾ ਭੱਜ ਜਾਂਦਾ ਹੈ। ਇਸ ਵੀਡੀਓ ਨੂੰ ਕਿਸੇ ਨੇ ਬਣਾਇਆ ਅਤੇ ਬਾਅਦ ਵਿੱਚ ਇਸ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ ਗਿਆ। ਇਸ ਵੀਡੀਓ ਨੂੰ ਵੱਡੀ ਗਿਣਤੀ ਲੋਕਾਂ ਨੇ ਦੇਖਿਆ ਹੈ ਅਤੇ ਉਨ੍ਹਾਂ ਵਲੋਂ ਇਸ ਪੁਲੀਸ ਕਰਮਚਾਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਨੇ ਉਸ ਨੂੰ ਇਸ ਚੰਗੇ ਕੰਮ ਲਈ ਦੁਆਵਾਂ ਵੀ ਦਿੱਤੀਆਂ ਹਨ। ਪੁਲੀਸ ਕਮਿਸ਼ਨਰ ਵੱਲੋਂ ਵੀ ਪੁਲੀਸ ਕਰਮਚਾਰੀ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪਸ਼ੂਆਂ ਦੀ ਰਾਖੀ ਲਈ ਕਈ ਜਥੇਬੰਦੀਆਂ ਸਰਗਰਮ ਹਨ ਜਿਨ੍ਹਾਂ ਵਲੋਂ ਲਾਵਾਰਿਸ ਕੁੱਤਿਆਂ ਦਾ ਟੀਕਾਕਰਨ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਲੋਕਾਂ ਦੀ ਮੰਗ ਹੈ ਕਿ ਆਵਾਰਾ ਕੁੱਤਿਆਂ ਲਈ ਡੌਗ ਸ਼ੈਲਟਰ ਬਣਾਏ ਜਾਣ।