ਜੋਗਿੰਦਰ ਸਿੰਘ ਓਬਰਾਏ
ਖੰਨਾ, 18 ਜੂਨ
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਰਾਜ ਦੇ ਸਾਰੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਸੁੰਦਰ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ 400 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਗੱਲ ਉਨ੍ਹਾਂ ਅੱਜ ਫੋਕਲ ਪੁਆਇੰਟ ਖੰਨਾ ਦੇ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕਹੀ। ਉਨ੍ਹਾਂ ਦੇ ਨਾਲ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ, ਖੰਨਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਪਾਇਲ ਵਿਧਾਇਕ ਲਖਬੀਰ ਸਿੰਘ ਲੱਖਾ, ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੋਂ ਇਲਾਵਾ ਕਈ ਸਖ਼ਸ਼ੀਅਤਾਂ ਹਾਜ਼ਰ ਸਨ। ਇੰਡਸਟਰੀਅਲ ਫੋਕਲ ਪੁਆਇੰਟ ਵੈੱਲਫੇਅਰ ਐਸੋਸੀਏਸ਼ਨ ਖੰਨਾ ਵੱਲੋਂ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਫੋਕਲ ਪੁਆਇੰਟ ਦੇ ਬੁਨਿਆਦੀ ਢਾਂਚੇ ਜਿਵੇਂ ਕਿ ਸੜਕਾਂ, ਸਟ੍ਰੀਟ ਲਾਈਟਾਂ, ਸੀਵਰੇਜ ਆਦਿ ਨੂੰ 10.65 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ। ਉਦਯੋਗਪਤੀਆਂ ਦਾ 2.65 ਕਰੋੜ ਰੁਪਏ (ਪ੍ਰਾਜੈਕਟ ਦੀ ਕੁੱਲ ਲਾਗਤ ’ਚੋਂ) ਦਾ ਭੁਗਤਾਨ ਪੀਐਸਆਈਈਸੀ ਦੁਆਰਾ ਕੀਤਾ ਜਾਵੇਗਾ। ਪੰਜਾਬ ਵਿਚ ਤਕਰੀਬਨ 2.55 ਲੱਖ ਉਦਯੋਗ ਹਨ ਜਿਨ੍ਹਾਂ ਵਿਚੋਂ 2.32 ਲੱਖ ਤਾਲਾਬੰਦੀ ਦੀ ਛੋਟ ਦੌਰਾਨ ਚਾਲੂ ਕੀਤੇ ਗਏ ਹਨ।ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਫੋਕਲ ਪੁਆਇੰਟ ਦੀਆਂ ਮੰਗਾਂ ’ਤੇ ਕੰਮ ਕਰਦਿਆਂ ਉਨ੍ਹਾਂ ਇਹ ਮੁੱਦਾ ਐਮਐਸਐਮਈ ਮੰਤਰੀ ਨਿਤਿਨ ਗਡਕਰੀ ਅਤੇ ਸਕੱਤਰ ਐਮਐਸਐਮਈ ਭਾਰਤ ਸਰਕਾਰ ਕੋਲ ਉਠਾਇਆ ਸੀ। ਜਿਨ੍ਹਾਂ 9 ਮਾਰਚ 2020 ਨੂੰ ਫੋਕਲ ਪੁਆਇੰਟ ਦੇ ਨਵੀਨੀਕਰਨ ਨੂੰ ਮਨਜ਼ੂਰੀ ਦਿੱਤੀ। ਵਿਧਾਇਕ ਕੋਟਲੀ ਨੇ ਕਿਹਾ ਕਿ ਖੰਨਾ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਵੱਲੋਂ 35 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਮਿਲੀ ਹੈ।