ਦਰਸ਼ਨ ਸਿੰਘ ਸੋਢੀ
ਮੁਹਾਲੀ, 28 ਅਪਰੈਲ
ਮੁਹਾਲੀ ਪੁਲੀਸ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੇ ਜਾਅਲੀ ‘ਚੇਅਰਮੈਨ’ ਨੂੰ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇਥੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਹੈ ਕਿ ਹਰਮਨਦੀਪ ਸਿੰਘ ਹਾਂਸ, ਐੱਸਪੀ (ਡੀ), ਗੁਰਚਰਨ ਸਿੰਘ ਡੀਐੱਸਪੀ (ਡੀ) ਦੀ ਅਗਵਾਈ ਹੇਠ ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਜ਼ਿਲ੍ਹਾ ਸੀਆਈਏ ਸਟਾਫ ਦੀ ਨਿਗਰਾਨੀ ਵਿੱਚ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਐੱਸਐੱਸਪੀ ਨੇ ਦੱਸਿਆ ਕਿ ਨੂੰ ਸੀਆਈਏ ਸਟਾਫ ਨੂੰ ਇਹਤਲਾਹ ਮਿਲੀ ਸੀ ਕਿ ਗੌਤਮ ਕੁਮਾਰ ਉਰਫ ਰਾਜਪੂਤ ਵਾਸੀ ਮਕਾਨ ਨੰਬਰ 514 ਹਰਮਿਲਾਪ ਨਗਰ ਬਲਟਾਣਾ ਜ਼ੀਰਕਪੁਰ ਹਾਲ ਵਾਸੀ ਮਕਾਨ ਨੰਬਰ 215 ਮਾਡਰਨ ਵੈਲੀ ਮੋਰਿੰਡਾ ਰੋਡ ਖਰੜ ਅਤੇ ਚੁੰਨੀ ਲਾਲ ਵਾਸੀ ਪਿੰਜੌਰ ਬੇਰੁਜ਼ਗਾਰ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਵਿੱਚ ਵੱਖ-ਵੱਖ ਰੈਂਕ ’ਤੇ ਭਰਤੀ ਕਰਨ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਵਸੂਲਦੇ ਹਨ। ਗੌਤਮ ਕੁਮਾਰ ਐਨਡੈਵਰ ਸੀਐੱਚ01 ਏਜ਼ੈੱਡ-6402 ਸਮੇਤ ਮਾਡਰਨ ਵੈਲੀ ਖਰੜ ਤੋਂ ਗ੍ਰਿਫਤਾਰ ਕੀਤਾ ਅਤੇ ਉਸ ਦੇ ਸਾਥੀ ਚੁੰਨੀ ਲਾਲ ਨੂੰ ਪਿੰਜੌਰ ਤੋਂ ਕਾਬੂ ਕੀਤਾ ਗਿਆ। ਗੌਤਮ ਪਹਿਲਾਂ ਅੰਬਾਲਾ ਕੈਂਟ ਵਿਖੇ ਰੇਲਵੇ ਵਿਭਾਗ ਵਿੱਚ ਡੀਆਰਐੱਮ ਨਾਲ ਕੰਨਟ੍ਰੈਕਟ ’ਤੇ ਸਟੈਨੋ ਸੀ। ਇਸ ਕਰਕੇ ਉਹ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੀ ਭਰਤੀ ਸਬੰਧੀ ਪੂਰੀ ਜਾਣਕਾਰੀ ਰੱਖਦਾ ਸੀ ਤੇ ਮੁਲਜ਼ਮ ਚੁੰਨੀ ਲਾਲ ਪਿੰਜੌਰ ’ਚ ਕੰਪਿਊਟਰ ਸੈਂਟਰ ਚਲਾਉਂਦਾ ਸੀ। ਕੰਪਿਊਟਰ ਸੈਂਟਰ ਵਿੱਚ ਇੰਟਰਨੈੱਟ ਦੀ ਵਰਤੋਂ ਕਰਕੇ ਆਰਪੀਐੱਫ ਦੀ ਭਰਤੀ ਸਬੰਧੀ ਜਾਅਲੀ ਨੋਟੀਫਿਕੇਸ਼ਨ, ਸਿਲੇਬਸ, ਫਿਜੀਕਲ ਟੈਸਟ, ਮੈਡੀਕਲ ਟੈਸਟ ਅਤੇ ਲਿਖਤੀ ਪ੍ਰੀਖਿਆ ਦੇ ਰੋਲ ਨੰਬਰ ਤਿਆਰ ਕਰਕੇ ਨੌਜਵਾਨਾਂ ਨੂੰ ਦਿੰਦੇ ਸਨ ਤੇ ਬੇਰੁਜਗਾਰਾਂ ਨੂੰ ਇੰਸਪੈਕਟਰ, ਐੱਸਆਈ, ਏਐੱਸਆਈ ਅਤੇ ਹੋਰ ਰੈਂਕ ਤੇ ਭਰਤੀ ਕਰਵਾਉਂਦੇ ਸਨ ਤੇ ਵਰਦੀਆਂ ਵੀ ਆਪ ਹੀ ਮੁਹੱਈਆ ਕਰਵਾਉਂਦੇ ਸਨ।
ਮੁਲਜ਼ਮਾਂ ਨੇ ਹਰਿੰਦਰ ਸਿੰਘ ਵਾਸੀ ਗੂਨੋਮਾਜਰਾ ਪਾਸੋਂ 4,50,000 ਰੁਪਏ ਵਸੂਲ ਕਰਕੇ ਆਰਪੀਐੱਫ ਦੇ ਏਐਸਆਈ ਰੈਂਕ ਦਾ ਜਾਅਲੀ ਆਈਡੀ ਕਾਰਡ ਤੇ ਜੁਆਈਨਿੰਗ ਲੈਟਰ ਵੀ ਤਿਆਰ ਕਰਕੇ ਦਿੱਤਾ। ਉਨ੍ਹਾਂ ਨੇ ਹਰੀਓਮ ਵਾਸੀ ਯੂਪੀ ਪਾਸੋਂ ਐੱਸਆਈ ਰੈਂਕ ’ਤੇ ਭਰਤੀ ਕਰਵਾਉਣ ਲਈ 450000 ਰੁਪਏ ਵਸੂਲੇ। ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।