ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਜੁਲਾਈ
ਸਰਕਾਰ ਵੱਲੋਂ ਸਿੰਜਾਈ ਵਿਭਾਗ ਬਿਜਲੀਆਂ ਹਜ਼ਾਰਾਂ ਆਸਾਮੀਆਂ ਖ਼ਤਮ ਕਰਕੇ ਵਿਭਾਗ ਦਾ ਪੁਨਰਗਠਨ ਕਰਨ ਦੇ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਪਟਿਆਲਾ ਸਥਿਤ ਜਲ ਸਰੋਤ ਵਿਭਾਗ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਮੁਲਾਜ਼ਮਾਂ ਨੇ ਸਰਕਾਰ ਦੀ ਅਰਥੀ ਫੂਕੀ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਪੰਜਾਬ ਸਟੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵਿਭਾਗ 1849 ’ਚ ਹੋਂਦ ’ਚ ਆਇਆ ਸੀ ਫਿਰ ਹੋਰ ਵਿਭਾਗ ਮਿਲਾ ਕੇ ਇਹ ਜਲ ਸਰੋਤ ਬਣਾ ਦਿਤਾ। ਲੰਮਾ ਸਮਾਂ 24263 ਅਸਾਮੀਆ ਨਾਲ ਕੰਮ ਕਰਨ ਵਾਲੇ ਇਸ ਵਿਭਾਗ ਦੀਆਂ 8657
ਖਤਮ ਹੋਈਆਂ ਪੋਸਟਾਂ ’ਚ 97 ਫੀਸਦ ਦਰਜਾ ਚਾਰ ਆਸਾਮੀਆਂ ਹਨ, ਜਦ ਕਿ ਪੰਜਾਬ ਜਲ ਰੇਗੂਲੇਸ਼ਨ ਅਤੇ ਵਿਕਾਸ ਅਥਾਰਟੀ ’ਚ ਸਿਰਫ਼ 70 ਪੋਸਟਾਂ ਭਰਨ ਦੀ ਪ੍ਰਵਾਨਗੀ ਦਿਤੀ ਹੈ। ਅੱਜ ਦੇ ਅਰਥੀ ਫ਼ੂਕ ਮੁਜ਼ਾਹਰੇ ’ਚ ਜਸਬੀਰ ਖੋਖਰ, ਰਣਧੀਰ ਸਿੰਘ ਬਹਿਰ, ਰਾਜਿਦਰ ਧਾਲੀਵਾਲ, ਗੁਰਚਰਨ ਸਿੰਘ, ਮਲਕੀਤ ਸਿੰਘ, ਦਾਰਾ ਖਾਂ, ਹਰੀ ਰਾਮ ਸੰਦੀਪ ਤੇ ਜਗਤਾਰ ਸਿੰਘ ਨੇ ਹਿੱਸਾ ਲਿਆ। ਇਸ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਹੋਈ। ਪੰਜਾਬ ਮੰਤਰੀ ਮੰਡਲ ਵਲੋਂ ਜਲ ਸਰੋਤ (ਸਿੰਜਾਈ) ਵਿਭਾਗ ਵਿਚਲੀਆਂ 8657 ਅਸਾਮੀਆਂ ਨੂੰ ਖਤਮ ਕਰਨ ਦੀ ਨਿੰਦਾ ਕੀਤੀ ਗਈ। ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ ਨੇ ਕਿਹਾ ਕਾਂਗਰਸ ਸਰਕਾਰ ਇਸ ਵਾਰ ਮੁਲਾਜ਼ਮ ਦੋਖੀ ਸਾਬਤ ਹੋਈ ਹੈ।