ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਮਾਰਚ
ਸੂਬੇ ਵਿੱਚ ਚੋਣ ਜ਼ਾਬਤਾ ਖ਼ਤਮ ਹੁੰਦਿਆਂ ਹੀ ਪੰਜਾਬ ਪੁਲੀਸ ਦੇ 2191 ਜਵਾਨਾਂ ਨੂੰ ਪਦ-ਉੱਨਤ ਕਰਦਿਆਂ ਹੌਲਦਾਰ ਰੈਂਕ ਦੀ ਤਰੱਕੀ ਦੇਣ ਦੀ ਤਿਆਰੀ ਹੈ।
ਡੀਜੀਪੀ ਵੱਲੋਂ ਆਈਜੀ (ਸਥਾਨਕ) ਦੇ ਦਸਤਖ਼ਤ ਹੇਠ ਖੇਤਰੀ ਅਧਿਕਾਰੀਆਂ ਨੂੰ ਅੱਜ ਇਹ ਪੱਤਰ ਜਾਰੀ ਕਰਕੇ ਵਿਭਾਗੀ ਤਰੱਕੀ ਕਮੇਟੀ ਦਾ ਗਠਨ ਕਰਕੇ ਦੋ ਹਫ਼ਤੇ ਦੇ ਅੰਦਰ ਸਿਪਾਹੀਆਂ ਦੀ ਪਦਉੱਨਤੀ ਲਈ ਹੁਕਮ ਜਾਰੀ ਕੀਤੇ ਹਨ। ਡੀਜੀਪੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ 2191 ਸਿਪਾਹੀਆਂ ਨੂੰ ਪਦ-ਉੱਨਤ ਕਰਕੇ ਹੌਲਦਾਰ ਬਣਾਉਣ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਉਨ੍ਹਾਂ ਨੂੰ ਪੁਲੀਸ ਰੇਂਜਾਂ ਵੀ ਅਲਾਟ ਕਰ ਦਿੱਤੀਆਂ ਗਈਆਂ ਹਨ। ਹੁਕਮਾਂ ਅਨੁਸਾਰ ਉਹ ਹੀ ਸਿਪਾਹੀ ਤਰੱਕੀ ਦਾ ਹੱਕਦਾਰ ਹੋਵੇਗਾ, ਜਿਸ ਦਾ ਰਿਕਾਰਡ ਸਾਫ਼-ਸੁਥਰਾ ਹੋਵੇਗਾ। ਸੂਬੇ ਵਿੱਚ ਕਰੀਬ 4 ਦਹਾਕੇ ਪਹਿਲਾਂ ਅਤਿਵਾਦ ਸਮੇਂ ਆਨਰੇਰੀ ਰੈਂਕ ਪ੍ਰਮੋਸ਼ਨ (ਓਆਰਪੀ) ਰੈਂਕ ਦੀ ਵਿਵਸਥਾ ਸ਼ੁਰੂ ਹੋਈ ਸੀ। ਉਸ ਵੇਲੇ ਸੀਨੀਅਰ ਅਧਿਕਾਰੀ ਆਪਣੇ ਚਹੇਤਿਆਂ ਨੂੰ ਲੋਕਲ ਰੈਂਕ ਤਰੱਕੀ ਦਿਵਾ ਕੇ ਥਾਣਾ ਮੁਖੀ ਵਰਗੀ ਅਹਿਮ ਜ਼ਿੰਮੇਵਾਰੀ ਦਿੰਦੇ ਸਨ ਪਰ ਹੁਣ ਪੰਜਾਬ ਪੁਲੀਸ ਵਿੱਚ ਲੋਕਲ ਰੈਂਕ ਤਰੱਕੀ ਥੋਕ ਵਿੱਚ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸੂਬੇ ਵਿੱਚ ਚੱਲ ਰਹੀ ਨਸ਼ਾ ਰੋਕੋ ਮੁਹਿੰਮ ਨੂੰ ਵੀ ਢਾਹ ਲੱਗੀ ਹੈ।